ਪੰਜਾਬ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਕਈ ਦੋਸ਼ੀ ਕੀਤੇ ਕਾਬੂ
ਲੁਧਿਆਣਾ ਪੁਲਿਸ ਨੇ ਇੱਕ ਨਾਮੀ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਹਿਚਾਣ ਲਖਵਿੰਦਰ ਸਿੰਘ ਉਰਫ਼ ਜੱਸੀ ਵਜੋਂ ਹੋਈ ਹੈ ਜੋ ਪਹਿਲਾਂ ਛੋਟਾ ਲੱਲਾ ਗੈਂਗ ਦਾ ਵੀ ਮੈਂਬਰ ਰਹਿ ਚੁੱਕਿਆ ਹੈ। ਮੁਲਜ਼ਮ ਕੋਲੋਂ ਪੁਲਿਸ ਨੇ 315 ਬੋਰ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਅਤੇ ਇੱਕ ਦੋਪਹੀਆ ਵਾਹਨ ਵੀ ਬਰਾਮਦ ਕੀਤਾ ਹੈ ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਏਡੀਸੀਪੀ ਹਰੀਸ਼ ਦਿਆਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਿਰੋਹ ਦੇ ਮੈਂਬਰ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਉਹਨਾਂ ਕਿਹਾ ਕਿ ਇਨ੍ਹਾਂ ਨੇ ਦਰਜਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਹ ਗੈਂਗ ਲੁਧਿਆਣਾ ਦੇ ਵਿੱਚ ਨੇ ਕੁਝ ਸਮੇਂ ਤੋਂ ਕਾਫ਼ੀ ਸਰਗਰਮ ਸਨ।
ਇਸੇ ਅਧੀਨ ਮਲੋਟ ਦੇ ਛਾਪਿਆਂਵਾਲੀ ਰੋੜ ਉੱਤੇ ਸਥਿਤ ਰਿਲਾਇੰਸ ਪੰਪ 'ਤੇ ਕੁੱਝ ਅਣਪਛਾਤੇ ਲੁਟੇਰੇ ਹਥਿਆਰ ਦੀ ਨੋਕ ਉੱਤੇ ਪੰਪ ਦੇ ਮੁਲਾਜ਼ਮਾਂ ਤੋਂ ਕੁੱਝ ਨਕਦੀ ਖੋਹ ਕੇ ਫ਼ਰਾਰ ਹੋ ਗਏ ਸੀ, ਜਿਸ 'ਤੇ ਪੁਲਿਸ ਨੇ ਅਣਪਛਾਤੇ ਲੋਕਾਂ ਉੱਤੇ ਮਾਮਲਾ ਦਰਜ ਕਰ ਲਿਆ ਸੀ ਅਤੇ ਪੁਲਿਸ ਵਲੋਂ ਘਟਨਾ ਦੇ 48 ਘੰਟਿਆਂ ਵਿੱਚ ਹੀ ਪੰਜ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਐੱਸਪੀ ਗੁਰਮੇਲ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਲੋਟ ਦੀ ਛਪਿਆਂਵਾਲੀ ਰੋਡ 'ਤੇ 21 ਅਤੇ 22 ਸਤੰਬਰ ਦੀ ਰਾਤ ਨੂੰ ਕੁੱਝ ਲੁਟੇਰਿਆਂ ਨੇ ਹਥਿਆਰ ਦੀ ਨੋਕ ’ਤੇ ਪੰਪ ਕਰਿੰਦਿਆਂ ਤੋਂ 1600 ਰੁਪਏ ਦੀ ਨਕਦੀ ਖੋਹ ਲਈ ਸੀ। ਤੇ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਵੱਖਰੀਆਂ-ਵੱਖਰੀਆਂ ਟੀਮਾਂ ਬਣਾਈਆਂ ਅਤੇ ਘਟਨਾ ਤੋਂ 48 ਘੰਟਿਆਂ ਵਿੱਚ ਹੀ ਪੰਜ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿੰਨ੍ਹਾਂ ਕੋਲੋਂ ਚੋਰੀ ਕੀਤੀ ਨਕਦੀ ਅਤੇ ਵਰਤੇ ਗਏ ਵਹੀਕਲ ਅਤੇ ਹਥਿਆਰ ਬਰਾਮਦ ਕਰਕੇ ਉਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਇਹਨਾਂ ਵਲੋਂ ਕੀਤੀਆਂ ਹੋਰ ਵਾਰਦਾਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਵੇਗੀ ।