ਅੰਮ੍ਰਿਤਸਰ: ਜਾਦੂ ਟੋਣੇ ਕਰ ਭੋਲੇ-ਭਾਲੇ ਲੋਕਾਂ ਨਾਲ ਕੀਤੀ ਲੱਖਾਂ ਦੀ ਠੱਗੀ, ਸਾਬਕਾ ਲਾਂਸ ਨਾਇਕ ਕਾਬੂ
🎬 Watch Now: Feature Video
ਅੰਮ੍ਰਿਤਸਰ ਦੇ ਛੇਹਰਟਾ ’ਚ ਜਾਦੂ ਟੋਣੇ ਦੀ ਮਦਦ ਨਾਲ ਭੋਲੇ-ਭਾਲੇ ਲੋਕਾਂ ਨਾਲ ਲੱਖਾਂ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ 'ਚ ਬਾਬਾ ਬਣੇ ਸਾਬਕਾ ਲਾਂਸ ਨਾਇਕ ਭੁਪਿੰਦਰ ਸਿੰਘ ਨੂੰ ਕਾਬੂ ਕੀਤਾ ਹੈ। ਮੁਲਜ਼ਮ ਤੋਂ ਤਲਾਸ਼ੀ ਦੌਰਾਨ 35 ਲੱਖ ਦੀ ਨਗਦੀ ਤੇ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਐਸਐਸ ਸ਼੍ਰੀ ਵਾਸਤਵ ਨੇ ਦੱਸਿਆ ਕਿ ਸਾਬਕਾ ਲਾਂਸ ਨਾਇਕ ਜਾਦੂ ਟੋਣੇ ਦੀ ਮਦਦ ਨਾਲ ਲੋਕਾਂ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 35 ਲੱਖ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਸੀ, ਜਿਸਨੂੰ ਸੋਮਵਾਰ ਨੂੰ ਉਸ ਦੇ ਰਿਸ਼ਤੇਦਾਰ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਲਗਾਤਾਰ ਮੁਲਜ਼ਮ ਤੋਂ ਪੁੱਛ-ਗਿੱਛ ਕਰ ਰਹੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ 'ਚ ਪੀੜਤ ਲੋਕਾਂ ਨੇ ਥਾਣੇ 'ਚ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਤੇ ਮੁਲਜ਼ਮ ਨੂੰ ਛੇਤੀ ਫੜ੍ਹ ਕੇ ਉਨ੍ਹਾਂ ਨੂੰ ਇਨਸਾਫ਼ ਦਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਲਾਂਸ ਨਾਇਕ ਭੁਪਿੰਦਰ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਇਆ ਹੋਇਆ ਹੈ, ਜਿਸ ਤੋਂ ਬਾਅਦ ਲੋਕਾਂ ਨੇ ਭੁਪਿੰਦਰ ਸਿੰਘ ਨੂੰ ਉਕਤ ਘਰ ਵਿੱਚ ਦਬੋਚ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।