ਕਬੱਡੀ ਖਿਡਾਰੀਆਂ 'ਤੇ ਪਰਚੇ ਦੇ ਮਾਮਲੇ 'ਚ ਐਕਸ਼ਨ ਕਮੇਟੀ ਵੱਲੋਂ ਸੀਐਮ ਨੂੰ ਘੇਰਨ ਦਾ ਐਲਾਨ
🎬 Watch Now: Feature Video
ਬਰਨਾਲਾ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ 'ਤੇ ਲੱਗਿਆ ਪੁਲਿਸ ਮੁਲਾਜ਼ਮ ਦੇ ਕਤਲ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਸਬੰਧੀ ਕਬੱਡੀ ਖਿਡਾਰੀਆਂ ਦੇ ਪਰਿਵਾਰਾਂ, ਪਿੰਡ ਵਾਸੀਆਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਵੀਂ ਵਾਰ ਐਸਐਸਪੀ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਪੱਤਰ ਸੌਂਪਿਆ ਗਿਆ। ਉਹਨਾਂ ਮੁੜ ਕਬੱਡੀ ਖਿਡਾਰੀਆਂ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ। ਨਾਲ ਹੀ 15 ਜਨਵਰੀ ਤੋਂ ਪਿੰਡ ਠੀਕਰੀਵਾਲ ਵਿੱਚ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਘਿਰਾਓ ਕਰਨਗੇ। ਇਸ ਮੌਕੇ ਗੱਲਬਾਤ ਕਰਦਿਆਂ ਧਰਨੇ ਦੀ ਅਗਵਾਈ ਕਰ ਰਹੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨਾਲ ਧੱਕਾ ਹੋ ਰਿਹਾ ਹੈ। ਲੰਬੇ ਸਮੇਂ ਤੋਂ ਇਸ ਸਬੰਧੀ ਸੰਘਰਸ਼ ਕਰ ਰਹੇ ਹਨ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਬਰਨਾਲਾ ਜ਼ਿਲ੍ਹੇ ਦੇ ਇਨਸਾਫ਼ ਪਸੰਦ ਲੋਕ ਇਸ ਮਾਮਲੇ ਵਿੱਚ ਇੱਕਜੁੱਟ ਹੋ ਕੇ ਕਬੱਡੀ ਖਿਡਾਰੀਆਂ ਦੇ ਨਾਲ ਖੜ੍ਹੇ ਹਨ। ਜਿਸ ਕਾਰਨ ਅੱਜ ਇੱਕ ਵਾਰ ਫਿਰ ਬਰਨਾਲਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਕਬੱਡੀ ਖਿਡਾਰੀਆਂ ਖ਼ਿਲਾਫ਼ ਦਰਜ ਪਰਚੀ ਰੱਦ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਅੱਗੇ ਲਿਜਾਣ ਲਈ ਅਗਲੀ ਵਿਉਂਤਬੰਦੀ ਤੈਅ ਕੀਤੀ ਗਈ ਹੈ।