ਨਵੀਂ ਦਿੱਲੀ: ਦੇਸ਼ 'ਚ ਕੋਵਿਡ-19 ਮਹਾਂਮਾਰੀ ਤੋਂ ਬਾਅਦ ਹਾਰਟ ਅਟੈਕ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੁਝ ਲੋਕ ਹਾਰਟ ਅਟੈਕ ਵਧਣ ਦੇ ਖਤਰੇ ਲਈ ਕੋਵਿਡ ਟੀਕਾਕਰਨ ਨੂੰ ਕਾਰਨ ਮੰਨ ਰਹੇ ਹਨ। ਉਥੇ ਹੀ ਸਿਹਤ ਮਾਹਿਰਾਂ ਨੇ ਅਜਿਹੇ ਖਦਸ਼ਿਆਂ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਟੀਕਾ ਲਗਵਾਉਣ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। 'ਗਲੋਬਲ ਬਰਡਨ ਆਫ ਡਿਜ਼ੀਜ਼' ਮੁਤਾਬਕ ਭਾਰਤ 'ਚ ਲਗਭਗ ਇੱਕ ਚੌਥਾਈ (24.8 ਫੀਸਦੀ) ਮੌਤਾਂ ਦਿਲ ਦੀਆਂ ਬਿਮਾਰੀਆਂ ਕਾਰਨ ਹੁੰਦੀਆਂ ਹਨ।
ਜੋ ਫਿੱਟ ਰਹਿੰਦੇ ਉਨ੍ਹਾਂ ਲੋਕਾਂ ਵਿੱਚੋਂ ਵੀ ਕੁਝ ਦੀ ਹਾਰਟ ਅਟੈਕ ਕਾਰਨ ਹੋ ਚੁੱਕੀ ਹੈ ਮੌਤ: ਹਾਲ ਹੀ ਦੇ ਦਿਨਾਂ ਵਿੱਚ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਨੌਜਵਾਨ ਮਸ਼ਹੂਰ ਹਸਤੀਆਂ, ਕਲਾਕਾਰ, ਅਥਲੀਟ ਅਤੇ ਖਿਡਾਰੀ ਜੋ ਆਮ ਤੌਰ 'ਤੇ ਫਿੱਟ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕਦੇ ਦਿਲ ਦੀ ਬਿਮਾਰੀ ਨਹੀਂ ਹੋਈ ਹੈ, ਉਨ੍ਹਾਂ ਨੂੰ ਵੀ ਦਿਲ ਦਾ ਦੌਰਾ ਪਿਆ ਹੈ ਅਤੇ ਉਨ੍ਹਾਂ ਵਿੱਚੋਂ ਕੁਝ ਦੀ ਮੌਤ ਵੀ ਹੋ ਗਈ ਹੈ। ਅਸ਼ੋਕਾ ਯੂਨੀਵਰਸਿਟੀ ਦੇ ਤ੍ਰਿਵੇਦੀ ਸਕੂਲ ਆਫ਼ ਬਾਇਓਸਾਇੰਸ ਦੇ ਬਾਇਓਸਾਇੰਸ ਅਤੇ ਹੈਲਥ ਰਿਸਰਚ ਦੇ ਡੀਨ ਡਾ. ਅਨੁਰਾਗ ਅਗਰਵਾਲ ਨੇ ਆਈਏਐਨਐਸ ਨੂੰ ਦੱਸਿਆ ਕਿ ਹਾਰਟ ਅਟੈਕ ਦੇ ਮਾਮਲਿਆਂ ਵਿੱਚ ਵਾਧੇ ਨੂੰ ਇਸ ਤਰ੍ਹਾਂ ਵਧੀਆ ਢੰਗ ਨਾਲ ਸਮਝਿਆ ਜਾ ਸਕਦਾ ਹੈ ਕਿ ਲਗਭਗ ਹਰ ਵਿਅਕਤੀ ਨੂੰ ਕੋਵਿਡ ਸੀ।
ਹਾਰਟ ਅਟੈਕ ਦੇ ਵੱਧਦੇ ਮਾਮਲਿਆ ਪਿੱਛੇ ਕੋਵਿਡ ਦੀ ਭੂਮਿਕਾ: ਜਾਰਜ ਇੰਸਟੀਚਿਊਟ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਵਿਵੇਕਾਨੰਦ ਝਾਅ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਦਿਲ ਦੇ ਦੌਰੇ ਦਾ ਕੋਵਿਡ ਵੈਕਸੀਨ ਨਾਲ ਕੋਈ ਸਬੰਧ ਹੈ। ਦਿਲ ਦੇ ਦੌਰੇ ਸੰਬੰਧੀ ਪੇਚੀਦਗੀਆਂ ਦਾ ਖਤਰਾ ਉਨ੍ਹਾਂ ਵਿਅਕਤੀਆਂ ਵਿੱਚ ਵੱਧ ਹੈ ਜੋ COVID-19 ਨਾਲ ਗੰਭੀਰ ਰੂਪ ਵਿੱਚ ਬਿਮਾਰ ਰਹੇ ਹਨ। ਕਈ ਅਧਿਐਨਾਂ ਤੋਂ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਵੱਧਦੇ ਦਿਲ ਦੇ ਦੌਰੇ ਪਿੱਛੇ ਕੋਵਿਡ ਦੀ ਭੂਮਿਕਾ ਹੈ। ਖੋਜ ਤੋਂ ਪਤਾ ਲੱਗਿਆ ਹੈ ਕਿ ਕੋਵਿਡ ਵਿੱਚ ਉਨ੍ਹਾਂ ਲੁਕੀਆਂ ਹੋਈਆ ਦਿਲ ਦੀਆਂ ਬਿਮਾਰੀਆਂ ਦੇ ਲੱਛਣਾਂ ਨੂੰ ਬਾਹਰ ਕੱਢਣ ਦੀ ਸਮਰੱਥਾ ਹੈ ਜਿਨ੍ਹਾਂ ਲੱਛਣਾ ਤੋਂ ਲੋਕ ਵੀ ਅਣਜਾਣ ਸੀ।
ਕੋਵਿਡ ਦਿਲ ਦੀ ਬਿਮਾਰੀਆਂ ਲਈ ਕਿਵੇਂ ਜ਼ਿੰਮਾਵਾਰ?: ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੋਵਿਡ ਕਾਰਨ ਦਿਲ ਅਤੇ ਗੁਰਦਿਆਂ ਵਿੱਚ ਸੋਜ ਹੋ ਜਾਂਦੀ ਹੈ। ਇਸ ਦੇ ਨਾਲ ਹੀ ਇਹ ਸਰੀਰ ਦੀ ਰੱਖਿਆ ਪ੍ਰਣਾਲੀ ਦੁਆਰਾ ਪੈਦਾ ਹੋਣ ਵਾਲੀ ਸੋਜ ਨੂੰ ਵੀ ਵਧਾਉਂਦਾ ਹੈ। ਯੂਰਪੀਅਨ ਸੋਸਾਇਟੀ ਆਫ ਕਾਰਡੀਓਲੋਜੀ ਦੇ ਇੱਕ ਜਰਨਲ ਕਾਰਡੀਓਵੈਸਕੁਲਰ ਰਿਸਰਚ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ ਥੋੜੇ ਸਮੇਂ ਅਤੇ ਲੰਬੇ ਸਮੇਂ ਵਿੱਚ ਦਿਲ ਦੀ ਬਿਮਾਰੀ ਦੇ ਵਧੇ ਖਤਰੇ ਅਤੇ ਮੌਤ ਨਾਲ ਜੁੜਿਆ ਹੋਇਆ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਲਗਭਗ 160,000 ਲੋਕਾਂ 'ਤੇ ਕੀਤੇ ਗਏ ਅਧਿਐਨ ਵਿੱਚ ਪਤਾ ਚਲਿਆ ਹੈ ਕਿ ਜਿਹੜੇ ਲੋਕ ਕੋਵਿਡ ਤੋਂ ਪੀੜਿਤ ਨਹੀ ਸਨ ਉਨ੍ਹਾਂ ਵਿਅਕਤੀਆਂ ਦੀ ਤੁਲਨਾ ਵਿੱਚ ਕੋਵਿਡ ਮਰੀਜ਼ਾਂ ਦੀ ਪਹਿਲੇ ਤਿੰਨ ਹਫ਼ਤਿਆਂ ਵਿੱਚ ਮਰਨ ਦੀ ਸੰਭਾਵਨਾ 81 ਗੁਣਾ ਵੱਧ ਸੀ।
ਕੋਵਿਡ ਦੀ ਮਾਮੂਲੀ ਬਿਮਾਰੀ ਵੀ ਦਿਲ ਦੇ ਦੌਰੇ ਸੰਬੰਧੀ ਖਤਰੇ ਨੂੰ ਵਧਾ ਸਕਦੀ: ਪਿਛਲੇ ਸਾਲ ਨੇਚਰ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਕੋਵਿਡ ਦੀ ਮਾਮੂਲੀ ਬਿਮਾਰੀ ਘੱਟੋ-ਘੱਟ ਇੱਕ ਸਾਲ ਲਈ ਪੀੜਿਤ ਵਿਅਕਤੀ ਵਿੱਚ ਦਿਲ ਦੇ ਦੌਰੇ ਸੰਬੰਧੀ ਖਤਰਿਆਂ ਨੂੰ ਵਧਾ ਸਕਦੀ ਹੈ। ਹਾਲਾਂਕਿ, ਕੁਝ ਲੋਕਾਂ ਨੇ ਕੋਵਿਡ ਟੀਕਿਆਂ ਨੂੰ ਲੈ ਕੇ ਚਿੰਤਾ ਵੀ ਜ਼ਾਹਰ ਕੀਤੀ ਹੈ। CDC (ਸੈਂਟਰ ਫਾਰ ਡਿਜ਼ੀਜ਼ ਕੰਟ੍ਰੋਲ ਐਂਡ ਪ੍ਰੀਵੈਂਸ਼ਨ, US) ਦੇ ਅਨੁਸਾਰ, ਅਮਰੀਕਾ ਅਤੇ ਦੁਨੀਆ ਭਰ ਵਿੱਚ ਕਈ ਨਿਗਰਾਨੀ ਪ੍ਰਣਾਲੀਆਂ ਤੋਂ ਪ੍ਰਾਪਤ ਸਬੂਤ mRNA ਕੋਵਿਡ -19 ਵੈਕਸੀਨ ਜਿਵੇਂ ਕਿ ਮੋਡਰਨਾ ਅਤੇ ਫਾਈਜ਼ਰ ਬਾਇਓਟੈਕ ਵੈਕਸੀਨ ਅਤੇ ਮਾਇਓਕਾਰਡਾਈਟਸ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਸੋਜ ਅਤੇ ਪੈਰੀਕਾਰਡਾਈਟਿਸ, ਦਿਲ ਦੀ ਬਾਹਰੀ ਸਤਹ ਵਿੱਚ ਸੋਜ ਦਾ ਸਮਰਥਨ ਕਰਦੇ ਹਨ।
ਦਿਲ ਦੇ ਦੌਰੇ ਪਿੱਛੇ ਕੋਵਿਡ ਵੈਕਸਿਨ ਨਹੀ ਸਗੋਂ ਕੋਵਿਡ ਜ਼ਿੰਮੇਵਾਰ: ਆਈਆਈਟੀ ਮੰਡੀ ਵਿੱਚ ਸਕੂਲ ਆਫ਼ ਬਾਇਓਸਾਇੰਸ ਐਂਡ ਬਾਇਓਇੰਜੀਨੀਅਰਿੰਗ ਦੇ ਐਸੋਸੀਏਟ ਪ੍ਰੋਫੈਸਰ ਡਾ: ਅਮਿਤ ਪ੍ਰਸਾਦ ਨੇ ਕਿਹਾ, "ਦਿਲ ਦੇ ਦੌਰੇ ਵਿੱਚ ਵਾਧਾ ਸਿੱਧੇ ਤੌਰ 'ਤੇ ਕੋਵਿਡ ਵੈਕਸੀਨ ਨਾਲ ਨਹੀਂ ਸਗੋਂ ਕੋਵਿਡ ਦੀ ਲਾਗ ਨਾਲ ਜੁੜਿਆ ਹੋਇਆ ਹੈ ਕਿਉਂਕਿ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਕੋਵਿਡ ਦੀ ਬਿਮਾਰੀ ਦਿਲ ਦੀ ਪ੍ਰਣਾਲੀ ਦੇ ਨਾਲ ਕਰ ਸਕਦੀ ਹੈ। ਕੋਵਿਡ ਪੀੜਿਤ ਲੋਕਾਂ ਦੇ ਖੂਨ ਵਿੱਚ ਚਿਪਚਿਪਾਹਟ ਵਧਣ ਦੀਆਂ ਵੀ ਖਬਰਾਂ ਹਨ।
ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਰਟ ਅਟੈਕ ਵਧਣ ਦਾ ਖ਼ਤਰਾ ਸ਼ੁਰੂ ਹੋ ਗਿਆ ਸੀ: ਅਗਰਵਾਲ ਨੇ ਕਿਹਾ, ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਵਿਡ ਅਤੇ ਭਵਿੱਖ ਵਿੱਚ ਹਾਰਟ ਅਟੈਕ ਦੇ ਵਾਧੇ ਵਿਚਕਾਰ ਸਬੰਧ ਦੇਖੇ ਜਾ ਸਕਦੇ ਸੀ। ਇਹ ਨਿਰੀਖਣ 2020 ਦੇ ਅੰਕੜਿਆਂ ਤੋਂ ਹੈ। ਇਸ ਤਰ੍ਹਾਂ ਸਪੱਸ਼ਟ ਤੌਰ 'ਤੇ ਪਤਾ ਲੱਗਦਾ ਹੈ ਕਿ ਟੀਕਾਕਰਨ ਸ਼ੁਰੂ ਹੋਣ ਤੋਂ ਪਹਿਲਾਂ ਦਿਲ ਦੇ ਦੌਰੇ ਦੇ ਵਧਣ ਦਾ ਖ਼ਤਰਾ ਸ਼ੁਰੂ ਹੋ ਗਿਆ ਸੀ। ਇਸ ਦੌਰਾਨ, ਵਧਦੇ ਦਿਲ ਦੇ ਦੌਰੇ ਦੇ ਮੱਦੇਨਜ਼ਰ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਨੇ ਕੋਵਿਡ -19 ਤੋਂ ਬਾਅਦ ਦਿਲ ਦੀਆਂ ਬਿਮਾਰੀਆਂ ਵਿੱਚ ਅਚਾਨਕ ਵਾਧੇ 'ਤੇ ਇੱਕ ਖੋਜ ਸ਼ੁਰੂ ਕੀਤੀ ਹੈ। ਅਗਲੇ ਦੋ ਮਹੀਨਿਆਂ ਵਿੱਚ ਨਤੀਜੇ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ: World Homeopathy Day 2023: ਜਾਣੋ, ਕਿਉ ਮਨਾਇਆ ਜਾਂਦਾ ਹੈ ਵਿਸ਼ਵ ਹੋਮਿਓਪੈਥੀ ਦਿਵਸ ਅਤੇ ਇਸ ਸਾਲ ਦਾ ਥੀਮ