ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਯੂਐਸ-ਭਾਰਤ ਰਣਨੀਤਕ ਭਾਈਵਾਲੀ ਫੋਰਮ (ਯੂਐਸਆਈਐਸਪੀਐਫ) ਦੇ ਤੀਜੇ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਨ ਕੀਤਾ। ਵੀਡੀਓ ਕਾਨਫ਼ਰੰਸਿੰਗ ਰਾਹੀਂ ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਮਹਾਂਮਾਰੀ ਕੋਰੋਨਾ ਨੂੰ ਰੋਕਣ ਲਈ ਭਾਰਤ 'ਚ ਕੀਤੇ ਗਏ ਉਪਾਵਾਂ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਲਮੀ ਮਹਾਂਮਾਰੀ ਨੂੰ ਰੋਕਣ ਲਈ ਦੇਸ਼ 'ਚ ਰਿਕਾਰਡ ਸਮੇਂ ਵਿੱਚ ਸਿਹਤ ਸਹੂਲਤਾਂ 'ਚ ਵਾਧਾ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਾਡਾ ਉਦੇਸ਼ ਗ਼ਰੀਬਾਂ ਦੀ ਦੇਖਭਾਲ ਕਰਨਾ ਸੀ। ਉਨ੍ਹਾਂ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦਾ ਸੰਚਾਲਨ ਕੀਤਾ ਗਿਆ, ਜਿਸ ਨੇ ਕੋਰੋਨਾ ਦੇ ਸਮੇਂ ਦੌਰਾਨ 80 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਾਲਾਬੰਦੀ ਦੀ ਜਵਾਬਦੇਹੀ ਪ੍ਰਣਾਲੀ ਬਣਾਉਣ 'ਚ ਭਾਰਤ ਸਭ ਤੋਂ ਪਹਿਲਾਂ ਖੜਾ ਹੈ। ਜਨਤਕ ਸਿਹਤ ਦੇ ਉਪਾਅ ਵਜੋਂ ਮਾਸਕ ਤੇ ਚਿਹਰੇ ਨੂੰ ਢਕਣ ਦੀ ਵਕਾਲਤ ਕਰਨ ਵਿੱਚ ਵੀ ਭਾਰਤ ਮੋਹਰੀ ਸੀ। ਉੱਥੇ ਹੀ ਅਸੀਂ ਸਮਾਜਿਕ ਦੂਰੀ ਬਾਰੇ ਜਨਤਕ ਜਾਗਰੂਕਤਾ ਮੁਹਿੰਮ 'ਚ ਵੀ ਬਾਕੀਆਂ ਨਾਲੋਂ ਅੱਗੇ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਮੈਡੀਕਲ ਢਾਂਚੇ ਨੂੰ ਰਿਕਾਰਡ ਸਮੇਂ ਵਿੱਚ ਸੁਧਾਰਿਆ ਗਿਆ। ਕੋਵਿਡ ਹਸਪਤਾਲ, ਆਈਸੀਯੂ ਦੀਆਂ ਸਹੂਲਤਾਂ ਵਧਾ ਦਿੱਤੀਆਂ ਗਈਆਂ ਸਨ। ਜਨਵਰੀ 'ਚ ਇੱਕ ਹੀ ਕੋਵਿਡ ਟੈਸਟਿੰਗ ਲੈਬ ਸੀ, ਇਸ ਸਮੇਂ ਦੇਸ਼ 'ਚ ਲਗਭਗ 1600 ਲੈਬਾਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੌਜੂਦਾ ਸਥਿਤੀ ਮਨੁੱਖੀ ਕੇਂਦਰਿਤ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿੰਦੀ ਹੈ। ਹੁਣ ਇੱਕ ਨਵੇਂ ਮਾਈਂਡ ਸੈੱਟ ਦੀ ਲੋੜ ਹੈ। ਅੱਗੇ ਵੇਖਦਿਆਂ ਸਾਨੂੰ ਆਪਣੀ ਸਮਰੱਥਾ ਕਾਇਮ ਰੱਖਣ 'ਤੇ ਧਿਆਨ ਕੇਂਦਰਤ ਰੱਖਣਾ ਚਾਹੀਦਾ ਹੈ, ਸਾਨੂੰ ਗ਼ਰੀਬਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਭਾਰਤ ਇਸ ਰਾਹ 'ਤੇ ਚੱਲ ਰਿਹਾ ਹੈ।