ਤਰਨਤਾਰਨ: ਪੰਜਾਬ ਨਸ਼ਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਇਥੇ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਆਏ ਦਿਨ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾ ਆਪਣੀਆਂ ਜਾਨਾਂ ਗੁਆ ਰਹੇ ਹਨ। ਹਾਲਾਂਕਿ ਮੰਤਰੀਆਂ ਦੇ ਬਿਆਨਾਂ ਵਿੱਚ ਤੇ ਦਾਅਵਿਆਂ ਵਿੱਚ ਨਸ਼ੇ ਖਿਲਾਫ ਕਾਰਵਾਈਆਂ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪਰ ਅਫਸੋਸ ਇਹ ਸਿਰਫ ਗੱਲਾਂ ਹੀ ਹੁੰਦੀਆਂ ਨੇ, ਜ਼ਮੀਨੀ ਹਕੀਕਤ ਤਾਂ ਕੁਝ ਹੋਰ ਹੀ ਹੈ। ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹਦਾ ਇਕ ਮਾਮਲਾ ਖਡੂਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।
ਮ੍ਰਿਤਕ ਨੌਜਵਾਨ ਨੇ ਕੁਝ ਸਮਾਂ ਪਹਿਲਾਂ ਹੀ ਛਕਿਆ ਸੀ ਅੰਮ੍ਰਿਤ: ਜਾਣਕਾਰੀ ਅੁਸਾਰ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਰਾਜਬੀਰ ਸਿੰਘ ਉਮਰ ਕਰੀਬ 26 ਸਾਲ ਪੁੱਤਰ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਪਰਿਵਾਰਕ ਮੈਂਬਰਾ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਨਸ਼ੇ ਦਾ ਆਦਿ ਸੀ, ਪਰ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਧਾਰੀ ਬਣਿਆ ਸੀ, ਪਰ ਪਰਿਵਾਰਿਕ ਮੈਂਬਰਾ ਨੇ ਕਿਹਾ ਕਿ ਪੰਜਾਬ ਵਿਚ ਹੁਣ ਨਸ਼ਾ ਘਰ ਘਰ ਵਿਕ ਰਿਹਾ ਹੈ। ਦੁਬਾਰਾ ਸਾਡਾ ਪੁੱਤਰ ਇਸ ਨਸ਼ੇ ਦੀ ਦਲਦਲ ਵਿਚ ਫਸ ਗਿਆ।
ਪਿੱਛੇ ਦੋ ਛੋਟੇ ਬੱਚੇ ਛੱਡ ਗਿਆ ਮ੍ਰਿਤਕ: ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰਾਜਬੀਰ ਸਿੰਘ ਘਰੋਂ ਗਿਆ ਸੀ, ਘਰ ਵਾਪਿਸ ਨਾ ਆਉਣ 'ਤੇ ਫੋਨ ਕੀਤਾ ਤਾਂ ਉਸ ਵੱਲੋਂ ਪੰਜ ਮਿੰਟ ਵਿੱਚ ਘਰ ਆਉਣ ਦੀ ਗੱਲ ਕਹੀ, ਪਰ ਉਹ ਘਰ ਨਹੀਂ ਪੁੱਜਾ, ਜਦੋਂ ਉਸ ਦੀ ਭਾਲ ਕੀਤੀ ਤਾਂ ਉਹ ਪਿੰਡ ਵਾਸੀਆਂ ਨੇ ਉਸ ਦੀ ਜਾਣਕਾਰੀ ਦਿੱਤੀ। ਜਾ ਕੇ ਦੇਖਿਆ ਗਿਆ ਤਾਂ ਉਹ ਮ੍ਰਿਤਕ ਹਾਲਤ ਵਿੱਚ ਪਿਆ ਸੀ। ਮ੍ਰਿਤਕ ਆਪਣੇ ਪਿੱਛੇ ਛੋਟੇ ਛੋਟੇ ਦੋ ਬੱਚੇ ਇੱਕ ਲੜਕਾ ਤੇ ਲੜਕੀ ਛੱਡ ਗਿਆ ਹੈ। ਪਰਿਵਾਰਿਕ ਮੈਂਬਰਾ ਦਾ ਰੋ ਰੋ ਬੁਰਾ ਹਾਲ ਹੈ।
ਇਸ ਸਬੰਧੀ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਵੀ ਜਾਣਕਾਰੀ ਪਰਿਵਾਰਿਕ ਮੈਂਬਰਾ ਵੱਲੋਂ ਨਹੀਂ ਦਿੱਤੀ ਗਈ ਉਨ੍ਹਾਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੁਲਿਸ ਵੱਲੋਂ ਯਤਨ ਕੀਤੇ ਜਾ ਰਹੇ ਹਨ ਜੇਕਰ ਕੋਈ ਵੀ ਨਸ਼ੇ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਵੇਗਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।