ਤਰਨਤਾਰਨ:ਪੰਜਾਬ ਦੇ ਮਰਹੂਮ ਅਤੇ ਮਕਬੂਲ ਗਾਇਕ ਸਿੱਧੂ ਮੂਸੇਵਾਲਾ ਦੇ ਕ੍ਰੇਜ਼ ਪਸ਼ੰਸਕਾਂ ਦੇ ਦਿਲਾਂ ਵਿੱਚ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ। ਸਿੱਧੂ ਮੂਸੇਵਾਲਾ ਦੇ ਨਾਂਅ ਅਤੇ ਗਾਣੇ ਪਤੰਗਾਂ ਅਤੇ ਟੀ ਸ਼ਰਟਾਂ ਉੱਤੇ ਖ਼ਾਸ ਤੌਰ ਉੱਤੇ ਦੁਕਾਨਦਾਰਾਂ ਵੱਲੋਂ ਖੁਣਵਾਏ ਗਏ ਹਨ। ਬਾਜ਼ਾਰ ਵਿੱਚ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗ ਵਿਕ ਰਹੇ ਹਨ। ਨੌਜਵਾਨ ਨੂੰ ਵੱਡੇ ਪੱਧਰ ਉੱਤੇ ਇਹ ਪਤੰਗਾ ਖਰੀਦ ਰਹੇ ਹਨ।
ਗੁੱਡੀ ਅੰਬਰਾਂ 'ਤੇ: ਪਤੰਗ ਖਰੀਦ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਲੋਹੜੀ ਮੌਕੇ ਸਿੱਧੂ ਮੂਸੇਵਾਲਾ ਦੇ ਨਾਂਅ ਦੇ ਪਤੰਗ ਅੰਬਰਾਂ ਵਿੱਚ ਉਡਾਉਣਗੇ ਅਤੇ ਉਨ੍ਹਾਂ ਦੇ ਗਾਣੇ ਲੈਕੇ ਮੂਸੇਵਾਲਾ ਨੂੰ ਯਾਦ ਕਰਨਗੇ। ਇਸ ਮੌਕੇ ਬਾਜ਼ਾਰਾਂ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੇ ਨਾਂਅ ਦੇ ਪਤੰਗ ਵੱਡੀ ਗਿਣਤੀ ਵਿੱਚ ਵਿਕ ਰਹੇ ਹਨ ਉੱਥੇ ਹੀ ਨੌਜਵਾਨ ਮੂਸੇਵਾਲਾ ਦੀ ਛਪਾਈ ਵਾਲੇ ਪਤੰਗ ਵੱਡੇ ਉਤਸ਼ਾਹ ਨਾਲ ਖਰੀਦ ਰਹੇ ਹਨ।
ਮੂਸੇਵਾਲਾ ਦੀ ਮੌਤ ਦਾ ਅਫ਼ਸੋਸ: ਪਤੰਗ ਖਰੀਦ ਰਹੇ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਵੀ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਮੂਸੇਵਾਲਾ ਦੇ ਦੁਸ਼ਮਣਾਂ ਤੋਂ ਉਸ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੋਈ ਅਤੇ ਧੋਖੇ ਨਾਲ ਮੂਸੇਵਾਲਾ ਨੂੰ ਮਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਭਾਵੇਂ ਮੂਸੇਵਾਲਾ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਗਾਣਿਆਂ ਵਾਂਗ ਉਨ੍ਹਾਂ ਦਾ ਨਾਂਅ ਦੁਨੀਆਂ ਵਿੱਚ ਅਮਰ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਭਾਰਤ ਜੋੜੋ ਯਾਤਰਾ: ਲੁਧਿਆਣਾ 'ਚ ਪੁਲਿਸ ਨੇ ਕੀਤੇ ਰਾਹ ਬੰਦ, ਰਾਹਗੀਰ ਹੋਏ ਪਰੇਸ਼ਾਨ
ਕਿਵੇਂ ਮੌਤ ਹੋਈ: 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ ਸਨ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਸਨ ਅਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।
ਗੋਲਡੀ ਬਰਾੜ ਨੇ ਲਈ ਜ਼ਿਮੇਵਾਰੀ: ਮੂਸੇਵਾਲਾ ਦੀ ਮੌਤ ਤੋਂ ਮਗਰੋਂ ਵਿਦੇਸ਼ ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਕਤਲ ਸਬੰਧੀ ਜ਼ਿੰਮੇਵਾਰੀ ਲਈ ਸੀ। ਦੱਸ ਦਈਏ ਕਿ ਪੁਲਿਸ ਨੇ ਹੁਣ ਤੱਕ ਮੂਸੇਵਾਲਾ ਕਤਲ ਕਾਂਡ ਵਿੱਚ 30 ਤੋਂ ਜ਼ਿਆਦਾ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦ ਕਿ ਕਤਲ ਕਾਂਡ ਦਾ ਮਾਸਟਰਮਾਈਂਡ ਗੋਲਡੀ ਬਰਾੜ ਹੁਣ ਵਿੱਚ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।