ਤਰਨਤਾਰਨ: ਥਾਣਾ ਖਾਲੜਾ ਦੇ ਅਧੀਨ ਪੈਂਦੇ ਪਿੰਡ ਵੀਰਮ ਵਿਖੇ ਇੱਕ ਔਰਤ ਪਰਾਲੀ ਨੂੰ ਲਾਈ ਅੱਗ ਦੀ ਚਪੇਟ ਵਿੱਚ ਆ ਗਈ। ਮਹਿਲਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਦੀ ਹੀ ਇੱਕ ਔਰਤ ਆਪਣੇ ਪੋਤੇ ਨਾਲ ਐਕਟਿਵਾ ਉੱਤੇ ਜਾ ਰਹੀ ਸੀ ਅਤੇ ਅੱਗ ਲੱਗੀ ਹੋਣ ਕਾਰਨ ਧੂੰਆਂ ਹੋ ਰੱਖਿਆ ਸੀ। ਇਸ ਦੌਰਾਨ ਅਚਾਨਕ ਐਕਟਿਵਾ ਖੇਤਾਂ ਵਿੱਚ ਜਾ ਵੜੀ, ਜਿਸ ਕਾਰਨ ਔਰਤ ਅੱਗ ਦੀ ਚਪੇਟ ਵਿੱਚ ਆ ਗਈ।
ਪੀੜਤ ਦੇ ਪੋਤੇ ਲਵਪ੍ਰੀਤ ਨੇ ਦੱਸਿਆ ਕਿ ਉਹ ਆਪਣੀ ਦਾਦੀ ਨੂੰ ਲੈ ਕੇ ਜਾ ਰਿਹਾ ਸੀ ਅਤੇ ਰਾਹ ਵਿੱਚ ਪੈਂਦੇ ਖੇਤਾਂ ਵਿੱਚ ਨਾੜ ਨੂੰ ਅੱਗ ਲੱਗੀ ਹੋਈ ਸੀ, ਜਿਸ ਕਾਰਨ ਉਸ ਦੀਆਂ ਅੱਖਾਂ ਮੂਹਰੇ ਧੂੰਆਂ ਆ ਗਿਆ। ਜਿਸ ਕਾਰਨ ਐਕਟਿਵਾ ਖੇਤਾਂ ਵਿੱਚ ਵੜ੍ਹ ਗਈ ਅਤੇ ਉਸ ਦੀ ਦਾਦੀ ਅੱਗ ਵਿੱਚ ਕਾਫ਼ੀ ਝੁਲਸ ਗਈ। ਉਸ ਨੇ ਦੱਸਿਆ ਕਿ ਹੁਣ ਦਾਦੀ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਮੌਕੇ ਉੱਤੇ ਪਹੁੰਚੇ ਥਾਣਾ ਖਾਲੜਾ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਨੇ ਇਸ ਬਾਬਤ ਕੁੱਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਖੇਤ ਨੂੰ ਅੱਗ ਲਾਉਣ ਵਾਲਾ ਕਿਸਾਨ ਕਾਫ਼ੀ ਸਿਆਸੀ ਪਹੁੰਚ ਰੱਖਦਾ ਹੈ, ਜਿਸ ਕਾਰਨ ਪੁਲਿਸ ਕੋਈ ਵੀ ਕਾਰਵਾਈ ਕਰਨ ਤੋਂ ਕਤਰਾ ਰਹੀ ਹੈ।