ਤਰਨਤਾਰਨ: ਪਾਵਰਕਾਮ ਦੀਆਂ ਹਦਾਇਤਾਂ ਅਨਸਾਰ ਬਿਜਲੀ ਚੋਰੀ ਰੋਕਣ ਲਈ ਖਾਲੜਾ ਦੇ ਪਿੰਡ ਮਾੜੀ ਉਧੋਕੇ ਵਿਖੇ ਗਈ ਮੁਲਾਜ਼ਮਾਂ ਦੀ ਟੀਮ ਨਾਲ ਪਿੰਡ ਦੇ ਕੁੱਝ ਲੋਕਾਂ ਵੱਲੋਂ ਝਗੜਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਏ ਜਾਣ ਦੀ ਸੂਚਨਾ ਹੈ। ਬਿਜਲੀ ਮੁਲਾਜ਼ਮਾਂ ਨੇ ਇਸ ਸਬੰਧੀ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਡੀਓ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਪਾਵਰਕਾਮ ਦੀਆਂ ਹਦਾਇਤਾਂ 'ਤੇ ਟੀਮ ਪਿੰਡ ਮਾੜੀ ਉਧੋਕੇ ਵਿਖੇ ਚੈਕਿੰਗ ਦੌਰਾਨ ਗਈ ਸੀ। ਜਦੋਂ ਉਨ੍ਹਾਂ ਨੇ ਪਿੰਡ ਵਿੱਚ ਮੀਟਰਾਂ ਦਾ ਇੱਕ ਬਕਸੇ ਦੀ ਜਾਂਚ ਕੀਤੀ ਤਾਂ ਤਿੰਨ ਮੀਟਰਾਂ ਵਿੱਚ ਤਾਰਾਂ ਲੱਗੀਆਂ ਹੋਈਆਂ ਸਨ ਅਤੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ।
ਇਸ ਦੌਰਾਨ ਹੀ ਜਦੋਂ ਉਹ ਇਸ ਬਿਜਲੀ ਚੋਰੀ ਨੂੰ ਸਬੂਤ ਵੱਜੋਂ ਕੈਮਰੇ ਵਿੱਚ ਕੈਦ ਕਰਨ ਲੱਗੇ ਅਤੇ ਬਿਜਲੀ ਚੋਰੀ ਕਰਨ ਵਾਲੀਆਂ ਤਾਰਾਂ ਉਤਾਰਨ ਲੱਗੇ ਤਾਂ ਮੁਲਾਜ਼ਮਾਂ ਉਪਰ ਪਿੰਡ ਕੁੱਝ ਵਿਅਕਤੀਆਂ ਲਾਡੀ, ਰਿੰਕੂ, ਡਾਕਟਰ ਬਾਦਲ, ਤਰਸੇਮ ਸਿੰਘ ਅਤੇ ਮੁਖਤਾਰ ਸਿੰਘ, ਜਿਨ੍ਹਾਂ ਨੇ ਬਿਜਲੀ ਚੋਰੀ ਕਰਨ ਲਈ ਤਾਰਾਂ ਲਗਾਈਆਂ ਸਨ। ਇਹ ਆ ਕੇ ਉਨ੍ਹਾਂ ਨਾਲ ਝਗੜਾ ਕਰਨ ਲੱਗੇ। ਇਨ੍ਹਾਂ ਨੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕਰਦਿਆਂ ਮੁਲਾਜ਼ਮਾਂ ਕੋਲੋਂ ਮੋਬਾਈਲ ਤੇ ਪਰਸ ਖੋਹ ਲਿਆ ਅਤੇ ਗਾਲੀ-ਗਲੋਚ ਕਰਨ ਲੱਗੇ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਕਥਿਤ ਦੋਸ਼ੀ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ। ਐਸਡੀਓ ਨੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਹ ਵਿਭਾਗ ਦੇ ਉਚ ਅਧਿਕਾਰੀਆਂ ਕੋਲ ਵੀ ਪਹੁੰਚ ਕਰਨਗੇ ਅਤੇ ਨਾਲ ਹੀ ਕਰਮਚਾਰੀ ਯੂਨੀਅਨ ਨੂੰ ਲੈ ਕੇ ਪ੍ਰਦਰਸ਼ਨ ਕਰਨਗੇ।