ਤਰਨਤਾਰਨ: ਰਿਸ਼ਤੇ ਵਿੱਚ ਲੱਗਦੇ ਮਾਮੇ ਵੱਲੋਂ ਨਾਬਾਲਿਗ ਭਾਣਜੀ ਨਾਲ ਪ੍ਰੇਮ ਸਬੰਧ ਬਣਾ ਕੇ ਕਥਿਤ ਤੌਰ 'ਤੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੀ ਸ਼ਿਕਾਇਤ ’ਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਘਟਨਾ ਸਬੰਧੀ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ 17 ਸਾਲ ਦੀ ਨਾਬਾਲਿਗ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਚਾਚੀ ਦਾ ਭਰਾ ਚਰਨਜੀਤ ਸਿੰਘ ਵਾਸੀ ਸਰਹਾਲੀ ਕਲਾਂ ਜੋ ਰਿਸ਼ਤੇ ਵਿੱਚ ਉਸਦਾ ਮਾਮਾ ਲੱਗਦਾ ਹੈ। ਅਕਸਰ ਉਸਦੀ ਚਾਚੀ ਨੂੰ ਮਿਲਣ ਉਨ੍ਹਾਂ ਦੇ ਘਰ ਆਉਂਦਾ ਸੀ, ਜਿਸ ਨਾਲ ਉਸਦੇ ਪ੍ਰੇਮ ਸੰਬੰਧ ਬਣ ਗਏ ਅਤੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦਿੰਦਾ ਰਿਹਾ। 15 ਜਨਵਰੀ ਨੂੰ ਚਰਨਜੀਤ ਸਿੰਘ ਮੋਟਰਸਾਈਕਲ ’ਤੇ ਉਸਨੂੰ ਕਿਸੇ ਹੋਰ ਪਿੰਡ ਲੈਣ ਲਈ ਆਇਆ, ਜਿਥੇ ਉਸ ਨਾਲ ਜਬਰ-ਜ਼ਨਾਹ ਕੀਤਾ।
ਇਸ ਬਾਰੇ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਚਰਨਜੀਤ ਸਿੰਘ ਪਹਿਲਾਂ ਹੀ ਵਿਆਹਿਆ ਹੈ ਅਤੇ ਇਸਦੇ ਬੱਚੇ ਵੀ ਹਨ। ਮਾਮਲੇ ਦੀ ਅਗਲੀ ਜਾਂਚ ਲਈ ਮਹਿਲਾ ਏਐੱਸਆਈ ਲਖਬੀਰ ਕੌਰ ਦੀ ਡਿਊਟੀ ਲਗਾਈ ਗਈ ਹੈ ਉਥੇ ਹੀ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ।