ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਡੱਲ ਨੇੜੇ ਅੱਜ ਸਵੇਰੇ ਸਕੂਲੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਪਰ ਮੋਟਰਸਾਈਕਲ ਦੇ ਪਿੱਛੇ ਬੈਠੇ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਆਲੇ-ਦੁਆਲੇ ਦੇ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡੱਲ ਦੇ ਵਾਸੀ ਗੁਰਸਾਜਨ ਸਿੰਘ, ਅਰਸ਼ਦੀਪ ਸਿੰਘ ਅਤੇ ਸੁਖਮਨਦੀਪ ਸਿੰਘ ਸਕੂਲ ਵੱਲੋਂ ਮੋਟਰਸਾਈਕਲ ਉਤੇ ਆਪਣੇ ਘਰ ਜਾ ਰਹੇ ਸਨ। ਜਦੋਂ ਉਹ ਪਿੰਡ ਡੱਲ ਅਤੇ ਪਿੰਡ ਮਾੜੀ ਕੋਲ ਆਏ ਤਾਂ ਸਾਹਮਣਿਓਂ ਆ ਰਹੀ ਇੱਕ ਸਕੂਲੀ ਵੈਨ ਨੇ ਗਲਤ ਸਾਈਡ 'ਤੇ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਗੁਰੂ ਸਾਜਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਅਰਸ਼ਦੀਪ ਸਿੰਘ ਅਤੇ ਸੁਖਮਨਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ, ਜਿਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਵਿਖੇ ਦਾਖਲ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲੀ ਵੈਨ ਨੇ ਪਿੰਡ ਮਾੜੀ ਨਜ਼ਦੀਕ ਗਲਤ ਸਾਈਡ ਤੋਂ ਆ ਕੇ ਟੱਕਰ ਮਾਰੀ। ਅਰਸ਼ਦੀਪ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਸੀ।
ਇਹ ਵੀ ਪੜ੍ਹੋ : Hearing on Ram Rahim Parole Case: ਰਾਮ ਰਹੀਮ ਦੀ ਪੈਰੋਲ ਵਿਰੁੱਧ ਪਟੀਸ਼ਨ ਉਤੇ ਨਹੀਂ ਹੋਈ ਸੁਣਵਾਈ, ਹਾਈਕੋਰਟ ਨੇ 28 ਫਰਵਰੀ ਕੀਤੀ ਤੈਅ
ਦੱਸਣਯੋਗ ਹੈ ਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਕਈ ਪਿੰਡ ਨੂੰ ਜਾਣ ਵਾਲੀ ਸੜਕ ਦੀ ਮਾੜੀ ਹਾਲਤ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਲਈ ਉਨ੍ਹਾਂ ਨੇ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਸਰਪੰਚ ਨੇ ਕਿਹਾ ਕਿ ਸਰਕਾਰ ਵੱਡੇ-ਵੱਡੇ ਵਾਅਦੇ ਤਾਂ ਕਰਦੀ ਹੈ ਪਰ ਇਕ ਵੀ ਵਾਅਦਾ ਪੂਰਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪਿੰਡ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਹਨ ਪਰ ਸਰਕਾਰ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਆਏ ਦਿਨ ਹਾਦਸੇ ਵਾਪਰਦੇ ਹਨ। ਮੌਕੇ 'ਤੇ ਪੁੱਜੀ ਪੁਲਿਸ ਨੇ ਸਕੂਲੀ ਵੈਨ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।