ਤਰਨ ਤਾਰਨ: ਪੁਲਿਸ ਵੱਲੋਂ ਸਾਲ 2019 ਵਿੱਚ ਗੁਰਮੇਜ਼ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਜਮਾਲਪੁਰਾ ਹਾਲ ਵਾਸੀ ਕੁਆਟਰ ਐਸ.ਜੀ.ਪੀ.ਸੀ ਨੂਰਦੀ ਅੱਡਾ ਨੇੜੇ ਨਵੀ ਸਰਾਂ ਤਰਨ ਤਾਰਨ ਦੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਤੇ ਇਸ ਮਾਮਲੇ ‘ਚ ਸ਼ਾਮਿਲ ਦੋ ਮ੍ਰਿਤਕਾਂ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਧਰੂਮਨ ਐਚ ਨਿੰਬਾਲੇ ਐਸ.ਐਸ.ਪੀ ਤਰਨ ਤਾਰਨ ਨੇ ਦੱਸਿਆ ਕਿ ਮਿਤੀ 25.06.2019 ਨੂੰ ਮਨਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਝੰਡੇਰ ਨੇ ਥਾਣਾ ਸਿਟੀ ਤਰਨ ਤਾਰਨ ਆ ਕੇ ਆਪਣਾ ਬਿਆਨ ਦਰਜ਼ ਕਰਵਾਇਆ ਕਿ ਉਸਦਾ ਮਾਮਾ ਗੁਰਮੇਜ਼ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਜਮਾਲਪੁਰਾ ਹਾਲ ਵਾਸੀ ਕੁਆਟਰ ਐਸ.ਜੀ.ਪੀ.ਸੀ ਨੂਰਦੀ ਅੱਡਾ ਨੇੜੇ ਨਵੀ ਸਰਾਂ ਤਰਨ ਤਾਰਨ ਐਸ.ਜੀ.ਪੀ.ਸੀ ਤਰਨ ਤਾਰਨ ਵਿਖੇ ਮੁਲਾਜ਼ਮ ਹੈ । ਜੋ ਇਥੇ ਆਪਣੇ ਪਰਿਵਾਰ ਸਮੇਤ 10 ਸਾਲ ਤੋਂ ਰਹਿ ਰਿਹਾ ਸੀ। ਉਸਦਾ ਮਾਮਾ ਗੁਰਮੇਜ਼ ਸਿੰਘ ਰੋਜ਼ਾਨਾ ਆਪਣੀ ਡਿਊਟੀ ਤੋਂ ਫਾਰਗ ਹੋ ਕਿ ਆਪਣੀ ਭੈਣ ਸੁਖਵਿੰਦਰ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਅਲਾਵਲਪੁਰ ਕੋਲੋ ਆਪਣੇ ਬੁਲਟ ਮੋਟਰਸਾਈਕਲ ‘ਤੇ ਦੁੱਧ ਲੈਣ ਲਈ ਜਾਂਦਾ ਸੀ ਤੇ ਰੋਜ਼ਾਨਾ ਦੀ ਤਰਾਂ ਆਪਣੀ ਭੈਣ ਕੋਲ ਪਿੰਡ ਅਲਾਵਲਪੁਰ ਤੋਂ ਆਪਣੇ ਬੁੱਲਟ ਮੋਟਰਸਾਈਕਲ ਤੇ ਦੁੱਧ ਲੈਣ ਗਿਆ ਸੀ। ਵਕਤ ਕ੍ਰੀਬ 10:00 ਪੀ.ਐਮ ਮੈਨੂੰ ਕੁੱਝ ਦੋਸਤਾਂ ਨੇ ਫੋਨ ਕੀਤਾ ਕਿ ਉਸਦਾ ਮਾਮਾ ਗੁਰਮੇਜ਼ ਸਿੰਘ ਉਕਤ ਮੇਨ ਰੋਡ ਤੇ ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਪਿੰਡ ਬੱਚੜੇ ਦੇ ਨਜ਼ਦੀਕ ਡਿੱਗਾ ਪਿਆ ਸੀ ਤੇ ਖੂਨ ਨਾਲ ਲੱਥ ਪੱਥ ਸੀ ਅਤੇ ਪਿੱਠ ਵਿੱਚ ਗੋਲੀ ਲੱਗੀ ਹੋਈ ਸੀ। ਜੋ ਕਿ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਗੁਰਮੇਜ਼ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ।
ਜਿਸ ਤੇ ਪੁਲਿਸ ਵੱਲੋਂ ਮੁੱਕਦਮਾ ਨੰਬਰ 145 ਮਿਤੀ 25.06.2019 ਜੁਰਮ 302,34 ,25/27/54/59 ਅਸਲਾ ਐਕਟ ਥਾਣਾ ਸਿਟੀ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ। ਮੁੱਢਲੀ ਤਫਤੀਸ਼ ਇੰਸਪੈਕਟਰ ਚੰਦਰ ਭੂਸ਼ਣ ਮੁੱਖ ਅਫਸਰ ਥਾਣਾ ਸਿਟੀ ਤਰਨ ਤਾਰਨ ਨੇ ਅਮਲ ਵਿੱਚ ਲਿਆਂਦੀ ਅਤੇ ਵੱਖ ਵੱਖ ਸ਼ੱਕੀ ਵਿਅਕਤੀਆਂ ਨੁੰ ਪੁੱਛ-ਪੜਤਾਲ ਵਿੱਚ ਸ਼ਾਮਲ ਕੀਤਾ। ਸ਼ੱਕੀ ਦੋਸ਼ੀਆਂ ਦੀ ਪੁੱਛ ਪੜਤਾਲ ਤੋਂ ਇਹ ਤੱਥ ਸਾਹਮਣੇ ਆ ਰਿਹਾ ਸੀ ਕਿ ਇਸ ਕਤਲ ਕਾਂਡ ਵਿੱਚ ਮ੍ਰਿਤਕ ਗੁਰਮੇਜ਼ ਸਿੰਘ ਦੀ ਲੜਕੀ ਦੇ ਸਕੂਲ ਨਾਲ ਸੰਬੰਧਤ ਕੁੱਝ ਵਿਦਿਆਰਥੀ ਸਾਮਲ ਹੋ ਸਕਦੇ ਹਨ।
ਇਸ ਤੋਂ ਉਪਰੰਤ ਇਹ ਤਫਤੀਸ਼ ਕੁੱਝ ਸਮੇਂ ਲਈ ਇੰਸਪੈਕਟਰ ਸੀ.ਆਈ.ਏ ਤਰਨ ਤਾਰਨ ਦੇ ਹਵਾਲੇ ਕੀਤੀ ਗਈ ਅਤੇ ਉਸ ਤੋਂ ਬਾਅਦ ਇਸ ਮਾਮਲੇ ਦੀ ਤਫਤੀਸ਼ ਸ੍ਰੀ ਕਮਲਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਨੂੰ ਸੌਪੀ ਗਈ ਸੀ। ਜਿਸਤੇ ਡੀ.ਐਸ.ਪੀ ਇੰਨਵੈਸ਼ਟੀਗੇਸ਼ਨ ਤਰਨ ਤਾਰਨ ਵੱਲੋਂ ਮੁਕੱਦਮਾ ਉਕਤ ਦੀ ਤਫਤੀਸ਼ ਦੌਰਾਨ ਸਾਹਮਣੇ ਆਏ ਤੱਥਾ ਦੇ ਆਧਾਰ ਤੇ ਸੱਕੀ ਵਿਅਕਤੀਆਂ ਪਾਸੋਂ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਗਈ ਅਤੇ ਇਸ ਕਤਲ ਕੇਸ ਨੂੰ ਟਰੇਸ ਕਰਨ ਲਈ ਆਪਣੇ ਮੁਖਬਰਾਂ ਨੂੰ ਜਾਣੂ ਕਰਵਾਇਆ ਗਿਆ। ਉਸੇ ਦੌਰਾਨ ਮਿਤੀ 05- 04-2021 ਨੂੰ ਕਮਲਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਪਿੰਡ ਪੰਡੋਰੀ ਗੋਲਾਂ ਮੌਜ਼ੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੱਚੜੇ ਨਜ਼ਦੀਕ ਹੋਏ ਕਤਲ ਕੇਸ ਦਾ ਮੁੱਖ ਦੋਸ਼ੀ ਕੱਕਾ ਕੰਡਿਆਲਾ ਨਜ਼ਦੀਕ ਖੜਾ ਹੈ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ। ਜਿਸ ਤੇ ਪੁਲਿਸ ਪਾਰਟੀ ਵੱਲੋਂ ਮੁਖਬਰ ਦੀ ਦੱਸੀ ਜ੍ਹਗਾ ਪਰ ਪੁੱਜੇ ਤਾਂ ਉਥੇ ਖੜੇ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਪੁੱਤਰ ਲੇਟ ਮਨਜੀਤ ਸਿੰਘ ਵਾਸੀ ਪਿੰਡ ਨੂਰਦੀ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜੋ ਦੌਰਾਨੇ ਪੁੱਛ-ਗਿੱਛ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਨੇ ਦੱਸਿਆ ਕਿ ਉਸਨੇ ਆਪਣੇ ਇੱਕ ਹੋਰ ਦੋਸਤ ਅੰਮ੍ਰਿਤਪਾਲ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਬੱਚੜੇ ਹਾਲ ਵਾਸੀ ਖਰੜ ਨੇ ਮਿਲਕੇ ਗੁਰਮੇਜ਼ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਤਫਤੀਸ਼ ਦੌਰਾਨ ਕਤਲ ਵਿੱਚ ਵਰਤੇ ਗਏ ਪਿਸਤੋਲ ਦਾ ਪ੍ਰਬੰਧ ਕਰਕੇ ਦੇਣ ਦੇ ਦੋਸ਼ ਵਿੱਚ ਇੱਕ ਹੋਰ ਸਾਥੀ ਅਰਸ਼ਦੀਪ ਸਿੰਘ ਉਰਫ ਅਰਸ਼ ਬਾਬਾ ਪੁੱਤਰ ਕਰਮ ਸਿੰਘ ਵਾਸੀ ਕੁਆਟਰ ਨੰਬਰ 175 ਪੁਲਿਸ ਕਲੋਨੀ ਤਰਨ ਤਾਰਨ ਨੂੰ ਵੀ ਮੁੱਕਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ।
ਵਾਰਦਾਤ ਸਮੇਂ ਵਰਤਿਆ ਗਿਆ ਦੇਸੀ ਪਿਸਤੋਲ 32 ਬੋਰ ਸਮੇਤ ਮੈਗਜ਼ੀਨ ਅਤੇ 05 ਰੋਂਦ ਜਿੰਦਾਂ ਬਰਾਮਦ ਕੀਤੇ ਹਨ ।ਫਰਾਰ ਦੋਸ਼ੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੁੱਖ ਦੋਸ਼ੀ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਨੇ ਦੱਸਿਆ ਕਿ ਉਹ ਮ੍ਰਿਤਕ ਗੁਰਮੇਜ਼ ਸਿੰਘ ਦੀ ਲੜਕੀ ਨੂੰ ਇੱਕ ਤਰਫਾ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ।ਪਰ ਮ੍ਰਿਤਕ ਗੁਰਮੇਜ਼ ਸਿੰਘ ਅਤੇ ਉਸਦੇ ਭਾਣਜੇ ਮਨਜਿੰਦਰ ਸਿੰਘ ਨੇ ਉਸਨੂੰ ਇਸ ਕਾਰਨ ਕਰਕੇ ਦੋ ਵਾਰ ਕੁੱਟ ਮਾਰ ਵੀ ਕੀਤੀ ਸੀ। ਜਿਸ ਕਾਰਨ ਦੋਸ਼ੀ ਨੇ ਬਦਲਾ ਲੈਣ ਖਾਤਰ ਅਤੇ ਵਿਆਹ ਕਰਾਉਣ ਲਈ ਗੁਰਮੇਜ਼ ਸਿੰਘ ਨੂੰ ਆਪਣੇ ਸਾਥੀਆਂ ਨਾਲ ਮਿਲਕੇ ਕਤਲ ਕਰ ਦਿੱਤਾ ਸੀ। ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।