ਤਰਨਤਾਰਨ: ਜਿਲ੍ਹਾ ਪੁਲਿਸ ਨੇ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਰੀਵਾਲ ਦੇ ਕਤਲ ਦੀ ਗੁੱਥੀ ਸੁਲਝਾਉਣ ਲਿਆ ਹੈ। ਔਰਤ ਉਸ ਨੂੰ ਬਲੈਕਮੇਲ ਕਰਕੇ 2 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਔਰਤ ਨੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਔਰਤ ਅਮਨਦੀਪ ਕੌਰ ਵਾਸੀ ਮਕਬੂਲਪੁਰਾ, ਅੰਮ੍ਰਿਤਸਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਹੋਇਆ ਹੈ। ਜਿਸ ਦੀ ਵਰਤੋਂ ਔਰਤ ਨੇ ਕਤਲ ਕਰਨ ਲਈ ਕੀਤੀ ਸੀ। ਘਟਨਾ ਸਬੰਧੀ ਔਰਤ ਤੋਂ ਪੁੱਛਗਿੱਛ ਜਾਰੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਔਰਤ ਪੱਟੀ ਦੇ ਪਿੰਡ ਸਾਂਗਵਾਂ ਵਿੱਚ ਸਥਿਤ ਐਸਜੀਆਈ ਪੈਲੇਸ ਵਿੱਚ ਪਿਛਲੇ 9 ਸਾਲਾਂ ਤੋਂ ਸਜਾਵਟ ਦਾ ਕੰਮ ਕਰ ਰਹੀ ਸੀ। ਉਹ ਸਾਬਕਾ ਚੇਅਰਮੈਨ ਮੇਜਰ ਸਿੰਘ ਨੂੰ ਧਮਕੀਆਂ ਦੇ ਕੇ ਬਲੈਕਮੇਲ ਕਰਕੇ 2 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਮੇਜਰ ਸਿੰਘ ਉਸ ਨੂੰ ਪੈਸੇ ਦੇਣ ਲਈ ਤਿਆਰ ਨਹੀਂ ਸੀ। ਸੋਮਵਾਰ ਦੁਪਹਿਰ 11 ਵਜੇ ਮੇਜਰ ਸਿੰਘ ਅਤੇ ਅਮਨਦੀਪ ਕੌਰ ਵਿਚਕਾਰ ਪੈਸਿਆਂ ਦੇ ਲੈਣ-ਦੇਣ ਦੀ ਗੱਲ ਸੁਣੀ ਗਈ। ਜਿਸ ਤੋਂ ਬਾਅਦ ਔਰਤ ਨੇ ਮੇਜਰ ਸਿੰਘ ਉਤੇ ਗੋਲੀ ਚਲਾ ਦਿੱਤੀ।
ਮੁਲਜ਼ਮ ਔਰਤ ਨੇ ਦੱਸਿਆ ਕਤਲ ਕਰਨ ਦਾ ਕਾਰਨ: ਦੂਜੇ ਪਾਸੇ ਮੁਲਜ਼ਮ ਔਰਤ ਨੇ ਮੀਡੀਆ ਸਾਹਮਣੇ ਕਤਲ ਕਰਨ ਦਾ ਕਾਰਨ ਦੱਸਿਆ ਉਸ ਨੇ ਕਿਹਾ ਕਿ ਮੇਜਰ ਸਿੰਘ ਨੇ ਉਸ ਨੂੰ 13 ਸਾਲ ਤੋਂ ਬੰਦੀ ਬਣਾ ਕੇ ਰੱਖਿਆ ਹੋਈਆ ਸੀ ਉਹ ਉਸ ਨੂੰ ਘਰ ਜਾ ਪੱਟੀ ਸਹਿਰ ਵਿੱਚ ਵੀ ਜਾਣ ਨਹੀਂ ਦਿੰਦਾ ਸੀ। ਉਹ ਉਸ ਨਾਲ 13 ਸਾਲ ਤੋਂ ਜ਼ਬਰਦਸ਼ਤੀ ਕਰਦਾ ਸੀ ਅਤੇ ਉਥੇ ਕੰਮ ਕਰਨ ਵਾਲਿਆਂ ਔਰਤ ਦੇ ਸਵਾਲਾਂ ਤੋਂ ਵੀ ਮੁਲਜ਼ਮ ਪਰੇਸ਼ਾਨ ਸੀ। ਉਸ ਨੇ ਦੱਸਿਆ ਕਿ ਇਹ ਪਿਸਤੌਲ ਮੇਜਰ ਸਿੰਘ ਦਾ ਹੀ ਸੀ। ਪੈਸੇ ਨੂੰ ਲੈ ਕੇ ਉਸ ਦਾ ਝਗੜਾ ਹੋਇਆ ਸੀ।
ਮੇਜ਼ 'ਤੇ ਰੱਖੀ ਪਿਸਤੌਲ ਚੱਕੀ ਅਤੇ ਵਾਰਦਾਤ ਨੂੰ ਦਿੱਤਾ ਅੰਜ਼ਾਮ: ਦੱਸਿਆ ਗਿਆ ਹੈ ਕਿ ਦੋਵਾਂ ਵਿਚਕਾਰ ਹੋਈ ਤਕਰਾਰ ਦੌਰਾਨ ਅਮਨਦੀਪ ਕੌਰ ਨੇ ਗੁੱਸੇ 'ਚ ਆ ਕੇ ਮੇਜ਼ 'ਤੇ ਰੱਖਿਆ ਪਿਸਤੌਲ ਚੁੱਕ ਲਿਆ ਅਤੇ ਮੇਜਰ ਸਿੰਘ 'ਤੇ ਗੋਲੀ ਚਲਾ ਦਿੱਤੀ। 2 ਗੋਲੀਆਂ ਮੇਜਰ ਸਿੰਘ ਦੀ ਛਾਤੀ ਵਿੱਚ ਲੱਗੀਆਂ। ਪੁਲਿਸ ਨੂੰ ਮੌਕੇ ਤੋਂ ਗੋਲੀਆਂ ਦੇ 3 ਖੋਲ ਮਿਲੇ ਹਨ। ਮਹਿਲਾ ਨੂੰ ਪਹਿਲਾ ਤੋਂ ਹੀ ਪਿਸਤੌਲ ਚਲਾਉਣਾ ਆਉਦਾ ਸੀ।
ਸੀਸੀਟੀਵੀ ਦੀ ਮਦਦ ਨਾਲ ਕਾਬੂ: ਪੰਜਾਬ ਪੁਲਿਸ ਨੇ ਘਟਨਾ ਤੋਂ ਤੁਰੰਤ ਬਾਅਦ ਸੀਸੀਟੀਵੀ ਕੈਮਰੇ ਖੰਗਾਲਨੇ ਸ਼ੁਰੂ ਕਰ ਦਿੱਤੇ। ਗੋਲੀਬਾਰੀ ਕਰਨ ਵਾਲੀ ਔਰਤ ਅਤੇ ਮੇਜਰ ਸਿੰਘ ਦੇ ਭੱਜਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਮੈਰਿਜ ਪੈਲੇਸ ਦੇ ਬਾਹਰ ਸੜਕਾਂ 'ਤੇ ਲੱਗੇ ਸੀਸੀਟੀਵੀ ਕੈਮਰੇ ਵੀ ਚੈਕ ਕੀਤੇ ਗਏ। ਅਖ਼ੀਰ ਪੁਲਿਸ ਨੇ ਝਬਾਲ ਰੋਡ ਬਾਈਪਾਸ ਚੌਕ ਨੇੜੇ ਪਹੁੰਚ ਕੇ ਔਰਤ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ:- Former Chairman shot dead: ਕਾਂਗਰਸ ਦੇ ਮਾਰਕੀਟ ਕਮੇਟੀ ਦੇ ਸਾਬਕਾ ਪ੍ਰਧਾਨ ਦਾ ਮਹਿਲਾ ਨੇ ਕੀਤਾ ਗੋਲੀਆਂ ਮਾਰ ਕੇ ਕਤਲ