ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਦੇ ਬਾਹਰਵਾਰ ਖਾਲੀ ਪਲਾਟ ਵਿੱਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਤੋਂ ਬਾਅਦ ਆਈ.ਪੀ.ਸੀ. ਧਾਰਾ 304 ਅਤੇ ਐਕਸਪਲੋਸਿਵ ਸਬਸਟਾਂਸਿਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਧਮਾਕੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ। ਇਹ ਧਮਾਕਾ ਉਸ ਵੇਲੇ ਹੋਇਆ ਸੀ ਜਦੋਂ ਮਾਰੇ ਗਏ ਵਿਅਕਤੀ ਬਰੂਦ ਦੀ ਖੇਪ ਨੂੰ ਕੱਢਣ ਲਈ ਇੱਕ ਟੋਆ ਪੁੱਟ ਰਹੇ ਸਨ। ਇਸ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਨੇ ਪਾਕਿਸਤਾਨ ਆਧਾਰਿਤ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਤੋਂ ਪੁੱਛ ਪੜਤਾਲ ਤੋਂ ਬਾਅਦ ਗੁੰਝਲਦਾਰ ਸਾਜਿਸ਼ ਅਤੇ ਇਸ ਗਿਰੋਹ ਦੇ ਹਮਲਿਆਂ ਦੀ ਗੱਲ ਸਾਹਮਣੇ ਆਈ, ਜਿਨ੍ਹਾਂ ਵਿੱਚ 2016 ਵਿੱਚ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ।
ਮੁੱਖ ਸ਼ਾਜਿਸ਼ਕਾਰ ਬਿਕਰਮਜੀਤ ਸਿੰਘ ਉਰਫ ਗ੍ਰੰਥੀ ਅਤੇ ਇਸ ਗਿਰੋਹ ਦੇ 7 ਹੋਰ ਮੈਂਬਰ ਅਜੇ ਵੀ ਭਗੌੜੇ ਹਨ। ਪੇਸ਼ੇ ਵਜੋਂ ਗ੍ਰੰਥੀ ਅਤੇ ਦਮਦਮੀ ਟਕਸਾਲ ਦਾ ਪੈਰੋਕਾਰ ਬਿਕਰਮ ਪਾਠੀ ਵਜੋਂ ਕੰਮ ਕਰਦਾ ਹੈ ਜੋ ਕਿ ਅੱਤ ਦਾ ਗਰਮ ਖਿਆਲੀ ਵਿਅਕਤੀ ਹੈ। ਉਸ ਨੇ ਉੱਘੀਆਂ ਸਿਆਸੀ ਸ਼ਖਸ਼ੀਅਤਾਂ ਅਤੇ ਸਮਾਜਿਕ-ਧਾਰਮਿਕ ਸੰਸਥਾਵਾਂ, ਸਥਾਨਕ ਵਿਰੋਧੀ ਸਿਆਸਤਦਾਨਾਂ, ਹਿੰਦੂ ਆਗੂਆਂ ਅਤੇ ਸਿੱਖ ਪ੍ਰਚਾਰਕਾਂ ਨੂੰ ਦੇਸੀ ਬੰਬਾਂ ਦੀ ਮਦਦ ਨਾਲ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਆਈ.ਈ.ਡੀ. ਦੇ ਇਸ ਮਾਹਿਰ ਨੇ ਸਥਾਨਕ ਬਣੇ ਬਹੁਮੰਤਵੀ ਬੰਬਾਂ ਨਾਲ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਨ ਦੀ ਵੀ ਯੋਜਨਾ ਬਣਾਈ।ਪੁਲਿਸ ਦੇ ਬੁਲਾਰੇ ਮੁਤਾਬਕ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਗਿਰੋਹ ਦੇ ਮੈਂਬਰਾਂ ਦੇ ਪਾਕਿਸਤਾਨ ਅਤੇ ਐਸ.ਐਫ.ਜੇ. ਨਾਲ ਗੂੜੇ ਰਿਸ਼ਤੇ ਸਨ।
ਗ੍ਰਿਫ਼ਤਾਰ ਵਿਅਕਤੀਆਂ ਵਿੱਚੋਂ ਚੰਨਦੀਪ ਸਿੰਘ ਉਰਫ ਗੱਬਰ ਸਿੰਘ ਪਾਕਿਸਤਾਨ ਦੇ ਉਸਮਾਨ ਦੇ ਨਾਲ ਲਗਾਤਾਰ ਸੰਪਰਕ ਵਿੱਚ ਦੱਸਿਆ ਜਾਂਦਾ ਹੈ ਜਿਸ ਨੂੰ ਉਹ ਸਾਲ 2018 ਵਿੱਚ ਫੇਸਬੁੱਕ ਰਾਹੀਂ ਮਿਲਿਆ ਸੀ। ਉਸਮਾਨ ਚੰਨਦੀਪ ਨੂੰ ਖਾਲਿਸਤਾਨ ਅਤੇ ਭਾਰਤ ਸਰਕਾਰ ਵੱਲੋਂ ਕਸ਼ਮੀਰ ਧਾਰਾ 370 ਹਟਾਏ ਜਾਣ ਸਬੰਧੀ ਸੰਦੇਸ਼ ਭੇਜਦਾ ਰਹਿੰਦਾ ਸੀ ਅਤੇ ਚੰਨਦੀਪ ਸਿੰਘ ਨੂੰ ਕਸ਼ਮੀਰੀ ਜਿਹਾਦੀਆਂ ਨਾਲ ਰਲ਼ਕੇ ਇੱਕ ਵੱਖਰਾ ਮੁਲਕ ਖ਼ਾਲਿਸਤਾਨ ਸਥਾਪਤ ਕਰਨ ਲਈ ਪ੍ਰੇਰਦਾ ਸੀ। ਚੰਨਦੀਪ ਦੀ ਕੰਟੈਕਟ ਲਿਸਟ ਵਿੱਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਇਸ ਗਿਰੋਹ ਨੇ ਐਸ.ਐਫ.ਜੇ. ਨਾਲ ਸਬੰਧਤ ਗਿਰੋਹ ਦੀ ਮੁੱਖ ਕੜੀ ਵਜੋਂ ਜਾਣੇ ਜਾਂਦੇ ਅਰਮੀਨੀਆ ਦੇ ਸੋਢੀ ਸਿੰਘ ਖਾਲਸਾ ਦੇ ਇਸ਼ਾਰੇ ‘ਤੇ ਤਰਨ ਤਾਰਨ ਦੇ ਇੱਕ ਡੇਰੇ ਨੂੰ ਮਿਟਾਉਣ ਦੀ ਯੋਜਨਾ ਬਣਾਈ ਸੀ। ਉਹ ਹਿੰਦੂ ਸ਼ਿਵ ਸੈਨਾ ਲੀਡਰ ਨੂੰ ਵੀ ਸੋਧਾ ਲਾਉਣਾ ਚਾਹੁੰਦੇ ਸਨ।