ਤਰਨ ਤਾਰਨ: ਭਿੱਖੀਵਿੰਡ ਵਿੱਚ ਮਹਿਲਾ ਕਾਂਸਟੇਬਲ ਨਾਲ ਚਲ ਰਹੇ ਝਗੜੇ ਤੋਂ ਦੁਖੀ ਹੋ ਕੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਵਿਅਕਤੀ ਭਿਖੀਵਿੰਡ ਦੇ ਵਾਰਡ ਨੰਬਰ 3 ਬਲੈਕ ਰੋਡ ਦਾ ਵਸਨੀਕ ਸੀ ਤੇੇ ਉਸ ਦਾ ਨਾਂਅ ਮੱਲ ਸਿੰਘ ਸੀ।
ਮ੍ਰਿਤਕ ਦੇ ਪੁੱਤਰ ਤੇ ਨੂੰਹ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਆਂਢ ਵਿੱਚ ਪੰਜਾਬ ਪੁਲਿਸ ਮਹਿਲਾ ਕਾਂਸਟੇਬਲ ਪਰਮਜੀਤ ਕੌਰ ਰਹਿੰਦੀ ਹੈ ਜਿਨ੍ਹਾਂ ਨਾਲ ਉਨ੍ਹਾਂ ਦਾ ਗਲੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪਰਮਜੀਤ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਜਿਸ ਤੋਂ ਦੁਖੀ ਹੋ ਕੇ ਉਹ ਆਪਣੇ ਪੇਕੇ ਚਲੇ ਗਏ, ਜਦੋਂ ਉਹ ਵਾਪਸ ਘਰ ਆਏ ਤਾਂ ਉਨ੍ਹਾਂ ਦੇ ਪਿਤਾ ਨੇ ਜ਼ਹਿਰੀਲੀ ਦਵਾਈ ਖਾਦੀ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਕਿਹਾ ਕਿ ਪਰਮਜੀਤ ਗਲੀ ਨੂੰ ਚੌੜਾ ਕਰਨ ਲਈ ਉਨ੍ਹਾਂ ਨੂੰ ਛੱਤ ਢਾਉਣ ਲਈ ਕਹਿ ਰਹੀ ਸੀ ਤੇ ਉਨ੍ਹਾਂ ਨੂੰ ਝੂਠਾ ਪਰਚਾ ਕਰਨ ਦੀਆਂ ਧਮਕੀਆਂ ਦੇ ਰਹੀ ਸੀ ਜਿਸ ਤੋਂ ਉਨ੍ਹਾਂ ਦੇ ਪਿਤਾ ਕਾਫੀ ਪਰੇਸ਼ਾਨ ਰਹਿੰਦੇ ਸੀ ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਜ਼ਹਿਰੀਲੀ ਦਵਾਈ ਦਾ ਸੇਵਨ ਕਰ ਲਿਆ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਤੇ ਉਨ੍ਹਾਂ ਨੇ ਆਪਣੇ ਪਿਤਾ ਦੀ ਮੌਤ ਦਾ ਇਲਜ਼ਾਮ ਪਰਮਜੀਤ ਕੌਰ ਉੱਤੇ ਲਗਾਇਆ ਹੈ।
ਦੂਜੇ ਪਾਸੇ ਮੌਕੇ ਉੱਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।