ਤਰਨਤਾਰਨ: ਪੰਜਾਬ ਵਿੱਚ ਅੱਤ ਦੀ ਗਰਮੀ ਵਿੱਚ ਜ਼ਖ਼ਮੀ ਹਾਲਤ ਵਿੱਚ ਮੰਜੇ ਤੇ ਪਈ ਮਾਂ ਨੂੰ ਨੰਨ੍ਹੇ ਹੱਥਾਂ ਨਾਲ ਪੱਖੀ ਝੱਲਦੇ ਹੋਏ ਛੋਟੇ-ਛੋਟੇ ਬੱਚਿਆਂ ਨੂੰ ਵੇਖ ਕੇ ਹਰ ਕਿਸੇ ਵਿਅਕਤੀ ਦੀ ਅੱਖ ਵਿੱਚ ਪਾਣੀ ਆ ਜਾਵੇਗਾ, ਕਿਉਂਕਿ ਜਦੋਂ ਗ਼ਰੀਬੀ ਦੀ ਮਾਰ ਘਰਾਂ 'ਤੇ ਪੈਂਦੀ ਹੈ ਤਾਂ ਵੱਡੇ-ਵੱਡੇ ਘਰ ਬਰਬਾਦ ਹੋ ਜਾਂਦੇ ਹਨ।
ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾਂ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਜੰਡੋਕੇ ਸਰਹਾਲੀ ਤੋਂ ਹੈ, ਜਿੱਥੇ ਅੱਤ ਦੀ ਗਰਮੀ ਵਿੱਚ ਬਿਨਾਂ ਪੱਖੇ ਤੇ ਬੱਤੀ ਤੋਂ ਕਮਰੇ ਵਿੱਚ ਇਲਾਜ ਨਾ ਹੋਣ ਕਰਕੇ ਮੰਜੇ 'ਤੇ ਜ਼ਖ਼ਮੀ ਹਾਲਤ ਵਿੱਚ ਪਈ ਘਰ ਦੀ ਮੁਖੀਆ ਸਿਮਰਨਜੀਤ ਕੌਰ ਨੂੰ ਉਸ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਪੱਖੀ ਝੱਲ ਕੇ ਉਸ ਨੂੰ ਗਰਮੀ ਤੋਂ ਕੁੱਝ ਰਾਹਤ ਦਿਵਾਈ ਜਾ ਰਹੀ ਹੈ।
ਪੀੜਤ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ ਤਰਨਤਾਰਨ ਦੇ ਲਾਗੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸੀ ਤਾਂ ਇੰਨੇ ਨੂੰ ਕਿਸ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਸ ਵਿੱਚ ਮੋਟਰਸਾਈਕਲ ਮਾਰ ਦਿੱਤਾ। ਜਿਸ ਕਾਰਨ ਉਸ ਦਾ ਚੂਲਾ ਟੁੱਟ ਗਿਆ ਅਤੇ ਹੋਰ ਵੀ ਕਈ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਲੋਕਾਂ ਨੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ, ਪਰ ਉਸ ਕੋਲ ਕੋਈ ਪੈਸਾ ਨਾ ਹੋਣ ਕਾਰਨ ਉਸ ਨੂੰ ਡਾਕਟਰਾਂ ਨੇ ਘਰ ਵਾਪਸ ਭੇਜ ਦਿੱਤਾ।
ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ 2 ਵਕਤ ਦੀ ਰੋਟੀ ਤੱਕ ਘਰ ਵਿੱਚ ਨਹੀਂ ਹੈ ਅਤੇ ਨਾ ਹੀ ਘਰ ਵਿੱਚ ਬੱਤੀ ਹੈ। ਇਸ ਤੋਂ ਇਲਾਵਾ ਘਰ ਵਿੱਚ ਪਾਣੀ ਤੱਕ ਦੀ ਤੰਗੀ ਹੈ, ਉਹ ਮਰ-ਮਰ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਉਪਰ ਇਸ ਸੱਟ ਦਾ ਦੁੱਖ ਜਿਸ ਕਾਰਨ ਉਹ ਮੰਜੇ ਉੱਤੇ ਪੈ ਗਈ ਹੈ, ਜਿਸ ਕਰਕੇ ਉਸ ਦੇ ਛੋਟੇ ਜਿਹੇ ਬੱਚਿਆਂ ਨੂੰ ਹੀ ਅੱਤ ਦੀ ਗਰਮੀ ਵਿੱਚ ਬਿਨਾਂ ਬੱਤੀ ਤੇ ਪਾਣੀ ਤੋਂ ਸਾਰਾ ਘਰ ਦਾ ਕੰਮ ਕਰਨਾ ਪੈ ਰਿਹਾ ਹੈ।
ਇਸ ਸੰਬੰਧੀ ਜਦੋਂ ਪੱਤਰਕਾਰਾਂ ਨੇ ਨਿੱਕੇ ਜਿਹੇ ਬੱਚੇ ਰੂਪਿੰਦਰ ਸਿੰਘ ਨੂੰ ਪੁੱਛਿਆ ਕਿ ਤੂੰ ਇਹ ਪੱਖੀ ਕਿਉਂ ਝੱਲ ਰਿਹਾ ਹੈ ਤਾਂ ਨਿੱਕੇ ਜਿਹੇ ਬੱਚੇ ਨੇ ਦੱਸਿਆ ਕਿ ਉਹ 10 ਦਿਨ ਤੋਂ ਕਰੀਬ ਇਸ ਤਰ੍ਹਾਂ ਹੀ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਹਨ। ਕਿਉਂਕਿ ਮੀਟਰ ਦਾ ਬਿੱਲ ਜ਼ਿਆਦਾ ਹੋਣ ਕਾਰਨ ਬੱਤੀ ਵਾਲੇ ਉਨ੍ਹਾਂ ਦਾ ਮੀਟਰ ਪੁੱਟ ਕੇ ਲੈ ਗਏ ਅਤੇ ਘਰ ਵਿੱਚ ਜੋ ਪੱਖਾ ਸੀ ਉਹ ਵੀ ਲੈ ਗਏ ਹਨ, ਜਿਸ ਕਰਕੇ ਉਹ ਆਪਣੇ ਜ਼ਖ਼ਮੀ ਹੋਈ ਮਾਂ ਨੂੰ ਉਹ ਪੱਖੀਆਂ ਝੱਲ ਰਿਹਾ ਹੈ।
ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਤੋਂ ਉੱਠਿਆ ਨਹੀਂ ਜਾਂਦਾ, ਜਿਸ ਕਰਕੇ ਉਸ ਦੇ ਇਹ ਛੋਟੇ ਬੱਚੇ ਲੋਕਾਂ ਦੇ ਘਰਾਂ ਵਿੱਚੋਂ ਪਾਣੀ ਬਾਲਟੀਆਂ ਨਾਲ ਲੈ ਕੇ ਆਉਂਦੇ ਹਨ ਅਤੇ ਉਸ ਨੂੰ ਚੁੱਲ੍ਹੇ 'ਤੇ ਰੋਜ਼ ਚਾਹ ਬਣਾ ਕੇ ਵੀ ਇਹ ਬੱਚੇ ਦਿੰਦੇ ਹਨ। ਪੀੜਤ ਔਰਤ ਨੇ ਸਮਾਜ ਸੇਵੀਆਂ ਤੋਂ ਗੁਹਾਰ ਲਾਈ ਹੈ ਕਿ ਉਸ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਨਹੀਂ ਤਾਂ ਉਸ ਦਾ ਇਲਾਜ ਹੀ ਕਰਵਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਤਰੀਕੇ ਨਾਲ ਕਰ ਸਕੇ। ਜੇ ਕੋਈ ਸਮਾਜ ਸੇਵੀ ਇਸ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ 7710762682 ਹੈ, ਸੋ ਕ੍ਰਿਪਾ ਕਰਕੇ ਸਮਾਜ ਸੇਵੀ ਜਰੂਰ ਇਨ੍ਹਾਂ ਦੀ ਮਦਦ ਕਰਨ ਲਈ ਅੱਗੇ ਆਉਣ।
ਇਹ ਵੀ ਪੜੋ:- ਝੋਨੇ ਦੀ ਸਿੱਧੀ ਬਿਜਾਈ ਤੋਂ ਕਿਉਂ ਡਰਦੇ ਨੇ ਕਿਸਾਨ ? ਸੁਣੋ ਕਿਸਾਨਾਂ ਦੀ ਜ਼ੁਬਾਨੀ