ਤਰਨਤਾਰਨ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਟੀਮ ਵੱਲੋਂ ਸ਼ਨੀਵਾਰ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਕਸ਼ਮੀਰ ਸਿੰਘ ਦੀ ਸ਼ਿਕਾਇਤ 'ਤੇ ਜ਼ਿਲ੍ਹੇ ਦੇ ਪਿੰਡ ਝੁੱਗੀਆਂ ਕਾਲੂ ਦਾ ਦੌਰਾ ਕੀਤਾ ਗਿਆ। ਮਾਮਲੇ ਵਿੱਚ ਕਮਿਸ਼ਨ ਦੇ ਮੈਂਬਰਾਂ ਵੱਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ 18 ਤਰੀਕ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ 25 ਤਰੀਕ ਤੱਕ ਕਮਿਸ਼ਨ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਕਸ਼ਮੀਰ ਸਿੰਘ ਨੇ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਇੱਕ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਉਸ ਨੇ ਬੇਨਤੀ ਕੀਤੀ ਸੀ ਕਿ ਉਸ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਾਨੂੰਨੀ ਤਰੀਕੇ ਨਾਲ ਕੰਪਿਊਟਰ ਨਾਲ ਕਰਵਾਈ ਜਾਵੇ ਅਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।
ਸ਼ਨੀਵਾਰ ਨੂੰ ਐਸਸੀ ਕਮਿਸ਼ਨ ਦੇ ਮੈਂਬਰਾਂ ਰਾਜ ਕੁਮਾਰ ਹੰਸ, ਦਰਸ਼ਨ ਸਿੰਘ ਕੋਟ ਕਰਾਰ ਖਾਂ ਅਤੇ ਦੀਪਕ ਕੁਮਾਰ ਵੱਲੋਂ ਪਿੰਡ ਦਾ ਦੌਰਾ ਕੀਤਾ ਗਿਆ ਅਤੇ ਦੋਵੇਂ ਧਿਰਾਂ ਦੀ ਗੱਲਬਾਤ ਸੁਣੀ ਗਈ।
ਪੀੜਤ ਕਸ਼ਮੀਰ ਸਿੰਘ ਨੇ ਮੈਂਬਰਾਂ ਨੂੰ ਦੱਸਿਆ ਕਿ ਪਿੰਡ ਝੁੱਗੀਆਂ ਕਾਲੂ ਵਿੱਚ ਉਸ ਦੀ 36 ਕਨਾਲ 19 ਮਰਲੇ ਜ਼ਮੀਨ ਹੈ ਅਤੇ ਇਸ ਸਬੰਧੀ ਸਿਵਲ ਜੱਜ ਗੁਰਿੰਦਰਪਾਲ ਸਿੰਘ ਦੀ ਪੱਟੀ ਅਦਾਲਤ ਵਿੱਚ ਚੱਲ ਰਿਹਾ ਹੈ, ਜਿਸ 'ਤੇ 8.11.2019 ਨੂੰ ਸਟੇਅ ਆਰਡਰ ਵੀ ਜਾਰੀ ਹੋਇਆ ਹੈ। ਪਰੰਤੂ ਸਟੇਅ ਦੇ ਬਾਵਜੂਦ 15.11.2019 ਨੂੰ ਪਿੰਡ ਦੇ ਹੀ ਜੋਗਿੰਦਰ ਸਿੰਘ ਨੇ ਉਸਦੀ ਜ਼ਮੀਨ ਕਬਜ਼ਾਉਣ ਲਈ ਫ਼ਸਲ ਦਾ ਨੁਕਸਾਨ ਕੀਤਾ ਅਤੇ ਗਾਲੀ-ਗਲੋਚ ਕੀਤਾ। ਕਥਿਤ ਦੋਸ਼ੀ ਨੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਉਸ ਨੇ ਕਿਹਾ ਕਿ ਇਸ ਸਬੰਧੀ ਉਸ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤਾਂ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ।
ਉਧਰ, ਦੂਜੀ ਧਿਰ ਦੇ ਜੋਗਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਉਨ੍ਹਾਂ ਦੀ ਜ਼ਮੀਨ ਹੈ, ਜਿਸ 'ਤੇ ਕਸ਼ਮੀਰ ਸਿੰਘ ਕਬਜ਼ਾ ਕਰਕੇ ਬੈਠਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰੀ ਕਸ਼ਮੀਰ ਸਿੰਘ ਨੇ ਔਰਤਾਂ ਨੂੰ ਅੱਗੇ ਕੀਤਾ ਤਾਂ ਉਹ ਲਿਹਾਜ਼ ਨਹੀਂ ਕਰਨਗੇ।
ਐਸਸੀ ਕਮਿਸ਼ਨ ਦੇ ਫ਼ੈਸਲੇ ਬਾਰੇ ਦੋਵਾਂ ਧਿਰਾਂ ਨੇ ਹਾਂ-ਪੱਖੀ ਹੁੰਗਾਰਾ ਦਿੱਤਾ ਅਤੇ ਕਿਹਾ ਕਿ ਜੋ ਕਮਿਸ਼ਨ ਫ਼ੈਸਲਾ ਕਰੇਗਾ, ਉਹ ਮਨਜੂਰ ਹੋਵੇਗਾ।
ਦੂਜੇ ਪਾਸੇ ਐਸਸੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਕਿਹਾ ਕਿ ਦੋਵੇਂ ਧਿਰਾਂ ਨੂੰ ਸੁਣਦੇ ਹੋਏ ਉੱਪ ਮੰਡਲ ਮੈਜਿਸਟਰੇਟ ਪੱਟੀ ਰਾਜੇਸ਼ ਕੁਮਾਰ, ਬੀਡੀਪੀਓ ਵਲਟੋਹਾ ਲਾਲ ਸਿੰਘ ਅਤੇ ਤਹਿਸੀਲਦਾਰ ਖੇਮਕਰਨ ਜਸਵਿੰਦਰ ਸਿੰਘ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਟੀਮ ਨੇ ਕਮੇਟੀ ਨੂੰ 18 ਨਵੰਬਰ ਤੱਕ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਰਿਪੋਰਟ 25 ਨਵੰਬਰ 2020 ਤੱਕ ਉਪ ਮੰਡਲ ਮੈਜਿਸਟ੍ਰੇਟ ਨੂੰ ਭੇਜ ਲਈ ਕਿਹਾ ਹੈ, ਜਿਥੋਂ ਇਹ ਰਿਪੋਰਟ ਈਮੇਲ ਰਾਹੀਂ ਐਸਸੀ ਕਮਿਸ਼ਨ ਨੂੰ ਭੇਜੀ ਜਾਣੀ ਹੈ।