ਤਰਨ ਤਾਰਨ: ਇੱਥੋ ਦੇ ਪਿੰਡ ਸੋਹਲ ਵਿਖੇ ਕੁੱਝ ਲੋਕਾਂ ਨੇ ਪਿੰਡ ਦੇ ਕੁੱਝ ਵਿਅਕਤੀਆਂ ਦੇ ਨਾਂਅ ਛਾਪ ਕੇ ਗਲੀਆਂ ਵਿੱਚ ਪੋਸਟਰ ਸੁੱਟੇ ਜਿਸ ਵਿੱਚ ਉਨ੍ਹਾਂ ਨੂੰ ਨਸ਼ਾ ਤਸਕਰ ਦੱਸਿਆ ਗਿਆ ਹੈ। ਪੋਸਟਰ ਵਿੱਚ ਪਿੰਡ ਦੇ ਕਾਂਗਰਸੀ ਸਰਪੰਚਾਂ ਨੂੰ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਵੀ ਲਗਾਏ ਗਏ ਹਨ। ਹਾਲਾਂਕਿ ਸਰਪੰਚਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਪੁਲਿਸ ਨੇ ਪੋਸਟਰ ਜਾਰੀ ਹੋਣ ਤੋ ਬਾਅਦ ਪਿੰਡ ਵਿੱਚ ਪੋਸਟਰ ਵਿਚਲੇ ਨਾਂਵਾਂ ਵਾਲੇ ਵਿਅਕਤੀਆਂ ਦੇ ਘਰ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਤਰਨ ਤਾਰਨ ਦੇ ਥਾਣਾ ਝਬਾਲ ਦੇ ਪਿੰਡ ਸੋਹਲ ਵਿਖੇ ਕੁਝ ਲੋਕਾਂ ਵੱਲੋ ਪਿੰਡ ਦੇ ਹੀ ਕੁਝ 39 ਦੇ ਕਰੀਬ ਵਿਅਕਤੀਆਂ ਦੇ ਨਾਂਅ ਛਾਪ ਕੇ ਪੋਸਟਰ ਗਲੀਆਂ ਵਿੱਚ ਸੁੱਟੇ। ਪੋਸਟਰਾਂ ਵਿੱਚ ਛਾਪੇ ਗਏ ਨਾਂਵਾਂ ਵਾਲੇ ਲੋਕਾਂ ਨੂੰ ਨਸ਼ਾ ਤਸਕਰ ਦੱਸਿਆਂ ਗਿਆ ਹੈ ਤੇ ਪਿੰਡ ਦੇ ਦੋਵੇ ਸਰਪੰਚਾਂ ਨੂੰ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੀ ਗੱਲ ਵੀ ਛਾਪੀ ਗਈ ਹੈ। ਉੱਧਰ ਪਿੰਡ ਦੇ ਦੋਵਾਂ ਸਰਪੰਚਾਂ ਨੇ ਆਪਣੇ ਹਮਾਇਤੀਆਂ ਨੂੰ ਨਾਲ ਲੈ ਕੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੀ ਗੱਲ ਨੂੰ ਪੂਰੀ ਤਰਾਂ ਨਿਕਾਰਿਆਂ ਹੈ ਅਤੇ ਪੋਸਟਰ ਵਿੱਚ ਛਾਪੇ ਕੁਝ ਨਾਵਾਂ ਨੂੰ ਵੀ ਗਲਤ ਦੱਸਿਆ ਹੈ।
ਦੂਜੇ ਪਾਸੇ ਪਿੰਡ ਦੇ ਕਾਂਗਰਸੀ ਆਗੂ ਹਰਚਰਨ ਸਿੰਘ ਮੱਲਾ ਨੇ ਦੱਬੀ ਜ਼ੁਬਾਨ ਵਿੱਚ ਕਿਹਾ ਕਿ ਪਿੰਡ 'ਚ ਨਸ਼ਾ ਤਾਂ ਵਿੱਕ ਰਿਹਾ ਹੈ, ਜੋ ਬੰਦ ਹੋਣਾ ਚਾਹੀਦਾ ਹੈ। ਥਾਣਾ ਝਬਾਲ ਪੁਲਿਸ ਵੱਲੋ ਪਿੰਡ ਵਿੱਚ ਜਾ ਕੇ ਪੋਸਟਰ ਵਿੱਚ ਛਾਪੇ ਨਾਵਾਂ ਵਾਲੇ ਵਿਅਕਤੀਆਂ ਦੇ ਘਰ ਛਾਪੇਮਾਰੀ ਕੀਤੀ ਗਈ।
ਉੱਧਰ ਪਿੰਡ ਸੋਹਲ ਅਤੇ ਪਿੰਡ ਸੋਹਲ ਸੈਣ ਭਗਤ ਦੇ ਮੋਜੂਦਾ ਸਰਪੰਚ ਡਾ. ਸੰਤੋਖ ਸਿੰਘ ਅਤੇ ਸਰਵਨ ਸਿੰਘ ਨੇ ਆਪਣੇ ਹਮਾਇਤੀਆਂ ਸਮੇਤ ਉਕਤ ਪੋਸਟਰਾਂ ਨੂੰ ਦਿਖਾਉਦਿਆਂ ਕਿਹਾ ਕਿ ਉਕਤ ਪੋਸਟਰਾਂ ਵਿੱਚ ਕੁਝ ਲੋਕਾਂ ਦੇ ਨਾਂਅ ਗ਼ਲਤ ਛਾਪੇ ਗਏ ਹਨ, ਜਿਨ੍ਹਾਂ ਨੂੰ ਉਨ੍ਹਾਂ ਵੱਲੋ ਮਾਰਕ ਵੀ ਕੀਤਾ ਗਿਆ ਹੈ। ਦੋਹਾਂ ਸਰਪੰਚਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਕਿਸੇ ਵੀ ਪ੍ਰਕਾਰ ਦੀ ਨਸ਼ਾ ਤਸਕਰੀ ਅਤੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਤੋ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਸਾਬਤ ਹੋ ਜਾਵੇ ਕਿ ਉਹ ਨਸ਼ਾ ਤਸਕਰੀ ਕਰ ਰਹੇ ਹਨ, ਜਾਂ ਤਸਕਰਾਂ ਦੀ ਮਦਦ ਕਰ ਰਹੇ ਹਨ ਤਾਂ ਉਹ ਕਿਸੇ ਵੀ ਪ੍ਰਕਾਰ ਦੀ ਸਜ਼ਾ ਭੁੱਗਤਣ ਲਈ ਤਿਆਰ ਹਨ।
ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਨਾਲ ਐਸਟੀਐਫ ਦੀ ਮੁਠਭੇੜ, ਹੈਰੋਇਨ ਤੇ ਅਸਲੇ ਸਣੇ 3 ਕਾਬੂ
ਹੁਣ ਵੇਖਣਾ ਹੋਵੇਗਾ ਪਿੰਡ ਦੇ ਕੁਝ ਲੋਕਾਂ ਨੂੰ ਨਸ਼ਾ ਤਸਕਰ ਦੱਸਦਿਆਂ ਦੇ ਪੋਸਟਰ ਜਾਰੀ ਹੋਣ ਤੋ ਬਾਅਦ ਪੁਲਿਸ ਵੱਲੋ ਛਾਪੇਮਾਰੀ ਅਤੇ ਜਾਂਚ ਤੋ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ। ਪੋਸਟਰ ਵਿੱਚ ਛਾਪੇ ਨਾਂਅ ਸਹੀ ਵਿਅਕਤੀਆਂ ਦੇ ਹਨ, ਜੋ ਕਿ ਨਸ਼ਾ ਤਸਕਰੀ ਵਿੱਚ ਲੱਗੇ ਹੋਏ ਹਨ ਜਾਂ ਆਪਸੀ ਰੰਜਿਸ਼ ਕੱਢਣ ਲਈ ਛਾਪੇ ਗਏ।