ਤਰਨਤਾਰਨ: ਪੁਲਿਸ ਨੇ ਕਿਰਾਏ ਦੀ ਗੱਡੀ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਕਰਮਜੀਤ ਸਿੰਘ ਕੋਲੋਂ ਇੱਕ ਵਿਅਕਤੀ ਨੂੰ ਝਬਾਲ ਤੋਂ ਮਾੜੀਮੇਘਾ ਜਾਣ ਲਈ ਟੈਕਸੀ ਕਾਰ ਕਿਰਾਏ 'ਤੇ ਲਈ ਅਤੇ ਜਦ ਇਹ ਕਾਰ ਥਾਣਾ ਖਾਲੜਾ ਦੇ ਪਿੰਡ ਨਾਰਲੀ ਤੋਂ ਮਾੜੀਮੇਘਾ ਵਾਲੀ ਸੜਕ 'ਤੇ ਜਾ ਰਹੀ ਸੀ ਤਾਂ ਪਿੰਡੋਂ ਇੱਕ ਹੋਰ ਕਾਰ ਸਵਾਰ ਲੁਟੇਰਿਆਂ ਨੇ ਡਰਾਈਵਰ ਦੀ ਕੁੱਟਮਾਰ ਕਰ ਇਹ ਟੈਕਸੀ ਕਾਰ ਖੋਹ ਲਈ। ਕਾਰ ਕਿਰਾਏ 'ਤੇ ਲੈਣ ਵਾਲਾ ਵਿਅਕਤੀ ਵੀ ਲੁੱਟ ਦੀ ਘਟਨਾ ਵਿੱਚ ਸ਼ਾਮਿਲ ਸੀ।
ਪੁਲੀਸ ਵੱਲੋਂ ਕਰਮਜੀਤ ਸਿੰਘ ਕਾਰ ਮਾਲਕ ਦੇ ਬਿਆਨਾਂ 'ਤੇ ਮਾਮਲਾ 76 ਨੰਬਰ ਮੁਕੱਦਮਾ ਥਾਣਾ ਖਾਲੜਾ ਵਿਚ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ, ਜਿਸ ਵਿੱਚ ਕੁਝ ਘੰਟਿਆਂ ਵਿੱਚ ਹੀ ਪੁਲੀਸ ਨੇ ਸਵਿਫਟ ਡਿਜ਼ਾਇਰ ਕਾਰ ਸਮੇਤ ਪਰਮਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਨਾਮ ਦੇ ਮੁਲਾਜ਼ਮਾਂ ਨੂੰ ਕਾਬੂ ਕਰ ਲਿਆ, ਜਦ ਕਿ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਵਾਸੀ ਭਕਨਾ ਕਲਾਂ ਵੀ ਇਸ ਘਟਨਾ ਨੂੰ ਅੰਜਾਮ ਦੇਣ ਵਿਚ ਸ਼ਾਮਿਲ ਸਨ ਜਿਨ੍ਹਾਂ ਨੂੰ ਕਾਬੂ ਕੀਤਾ ਜਾਣਾ ਬਾਕੀ ਹੈ।
ਇਹ ਵੀ ਪੜ੍ਹੋ- ਸਰਕਾਰ ਦੇ ਕਰਜ਼ਾ ਮੁਆਫ਼ੀ ਦੇ ਦਾਅਵਿਆਂ ਦੀ ਸੱਚਾਈ ਆਈ ਸਾਹਮਣੇ
ਪੁਲੀਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਨੇ ਲੁੱਟ ਖੋਹ ਜਾਂ ਹੋਰ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਇਹ ਕਾਰ ਲੁੱਟੀ ਸੀ ਅਤੇ ਮੁਲਜ਼ਮਾਂ ਨੇ ਇਸ ਕਾਰ ਦਾ ਨੰਬਰ ਵੀ ਬਦਲ ਦਿੱਤਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਕਾਰ ਵਿੱਚ ਮੁਲਜ਼ਮ ਘਟਨਾ ਨੂੰ ਅੰਜ਼ਾਮ ਦੇਣ ਆਏ ਸਨ ਉਹ ਕਾਰ ਵੀ ਅਜੇ ਬਰਾਮਦ ਕਰਨੀ ਬਾਕੀ ਹੈ।