ਤਰਨਤਾਰਨ: ਭਿੱਖੀਵਿੰਡ ਵਿਖੇ ਦੇਰ ਸ਼ਾਮ ਇੱਕ ਕਲੋਨੀਕਾਰ ਅਤੇ ਪੈਟਰੋਲ ਮਾਲਕ ਵਿਚਕਾਰ ਤਕਰਾਰ ਹੋ ਗਈ। ਇਸ ਤਕਰਾਰ ਵਿੱਚ ਕਲੋਨੀਕਾਰ ਧਿਰ ਵੱਲੋਂ ਗੋਲੀ ਚੱਲਾ ਕੇ ਪੈਟਰੋਲ ਪੰਪ ਮਾਲਕ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਭਿੱਖੀਵਿੰਡ ਦੇ ਰਹਿਣ ਵਾਲੇ ਸਤਿੰਦਰ ਪਾਸੀ ਵੱਲੋਂ ਖੇਮਕਰਨ ਰੋਡ ਉੱਤੇ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਕਾਲੋਨੀ ਕੱਟੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਨਜ਼ਦੀਕ ਗਲੀ ਦੇ ਅਧਿਕਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਛਿੜ ਗਿਆ।
ਪੈਟਰੋਲ ਪੰਪ ਮਾਲਕ ਪਰਮਜੀਤ ਸ਼ਰਮਾ ਵਾਸੀ ਖਾਲੜਾ ਵੱਲੋਂ ਗਲੀ ਦੇ ਅਧਿਕਾਰ ਨੂੰ ਲੈ ਕੇ ਆਪਣੇ ਹੱਕ ਵਿੱਚ ਸਟੇਅ ਲੈ ਲਈ ਗਈ ਸੀ, ਪਰ ਇਸ ਦੇ ਬਾਵਜੂਦ ਵੀ ਸਤਿੰਦਰ ਪਾਸੀ ਧਿਰ ਦੇ ਕੁੱਝ ਵਿਅਕਤੀਆਂ ਨੇ ਦੇਰ ਸ਼ਾਮ ਸਟੇਅ ਵਾਲੀ ਜਗ੍ਹਾ ਉੱਤੇ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਜਿਸ ਨੂੰ ਰੋਕਣ ਲਈ ਪਰਮਜੀਤ ਸ਼ਰਮਾ ਨੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਇਸ ਸਬੰਧੀ ਏ.ਐਸ.ਆਈ ਸੁਰਿੰਦਰ ਕੁਮਾਰ ਮੌਕੇ ਉੱਤੇ ਪਹੁੰਚੇ।
ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਪਹੁੰਚਣ ਤੋਂ ਬਾਅਦ ਮਾਮਲਾ ਕਾਫ਼ੀ ਉਲਝ ਗਿਆ ਅਤੇ ਦੋਵੇਂ ਧਿਰਾਂ ਆਪਸ ਵਿੱਚ ਉਲਝ ਗਈਆਂ।
ਏ.ਐੱਸ.ਆਈ ਸੁਰਿੰਦਰ ਕੁਮਾਰ ਨੇ ਇਸ ਵਿੱਚ ਬਚਾਅ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਵੀ ਧੱਕਾ-ਮੁੱਕੀ ਕੀਤੀ ਗਈ ਅਤੇ ਇਸੇ ਧੱਕਾ-ਮੁੱਕੀ ਵਿੱਚ ਸਤਿੰਦਰ ਪਾਸੀ ਧਿਰ ਵੱਲੋਂ ਮਨਦੀਪ ਸ਼ਰਮਾ ਉਰਫ਼ ਮੰਨੂ ਸ਼ਰਮਾ ਦੇ ਢਿੱਡ ਵਿੱਚ ਗੋਲੀ ਮਾਰ ਦਿੱਤੀ ਗਈ, ਜਿਸ ਨੂੰ ਗੰਭੀਰ ਜ਼ਖ਼ਮੀ ਰੂਪ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।