ਤਰਨਤਾਰਨ: ਕਸਬਾ ਸਬਾਜਪੁਰਾ ਵਿਖੇ ਇੱਕ ਦਿਲ ਨੂੰ ਪਸੀਜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਪਹਿਲਾਂ ਤਾਂ ਇਹ ਬਜ਼ੁਰਗ ਔਰਤ ਦੇ ਤਿੰਨ ਪੁੱਤਰ ਨਸ਼ਿਆਂ ਦੀ ਭੇਟ ਚੜ੍ਹਦੇ ਹੋਏ ਮੌਤ ਦੇ ਮੂੰਹ ਵਿੱਚ ਚਲੇ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਹੁਣ ਦੋ ਵਕਤ ਦੀ ਰੋਟੀ ਨੂੰ ਵੀ ਬਜ਼ੁਰਗ ਔਰਤ ਤੇ ਉਸ ਦਾ ਪਰਿਵਾਰ ਤਰਸ ਰਿਹਾ ਹੈ। ਮਜਬੂਰੀ ਵਸ ਉਨ੍ਹਾਂ ਨੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਾਈ ਹੈ।
ਪੁੱਤਰਾਂ ਦੀ ਮੌਤ ਤੋਂ ਬਾਅਦ ਪਤੀ ਦਾ ਮਾਨਸਿਕ ਸਤੁੰਲਨ ਵਿਗੜਿਆ: ਇਸ ਸਬੰਧੀ ਜਾਣਕਾਰੀ ਪੀੜਤ ਬਜ਼ੁਰਗ ਔਰਤ ਸਤਨਾਮ ਕੌਰ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਹੈ ਕਿ ਪਹਿਲਾਂ ਤਾਂ ਉਸ ਦੇ ਜਵਾਨ ਪੁੱਤਾਂ ਨੂੰ ਨਸ਼ਿਆਂ ਨੇ ਆਪਣੀ ਚਪੇਟ ਵਿਚ ਲੈ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਗਮ ਨੂੰ ਨਾ ਸਹਾਰਦੇ ਹੋਏ ਉਸ ਦੇ ਪਤੀ ਦਾ ਦਿਮਾਗੀ ਸਤੁੰਲਨ ਵੀ ਵਿਗੜ ਗਿਆ। ਇਸ ਕਾਰਨ ਘਰ ਦਾ ਗੁਜਾਰਾ ਮੁਸ਼ਕਲ ਹੋ ਗਿਆ। ਪੀੜਤ ਬਜ਼ੁਰਗ ਔਰਤ ਸਤਨਾਮ ਕੌਰ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਜਿਸ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ ਉਸ ਦੀਆ ਦੋ ਲੜਕੀਆਂ ਅਤੇ ਇੱਕ ਲੜਕਾ ਹੈ, ਜਿਨ੍ਹਾਂ ਦਾ ਢਿੱਡ ਭਰਨ ਲਈ ਉਹ ਹਰ ਰੋਜ਼ ਦਰ ਦਰ ਦੀਆਂ ਠੋਕਰਾਂ ਖਾਂਦੇ ਹੋਏ ਲੋਕਾਂ ਦੇ ਘਰਾਂ ਵਿਚੋਂ ਵੀ ਪੰਜਾਹ ਰੁਪਏ ਲੈ ਕੇ ਆਉਂਦੀ ਹੈ ਅਤੇ ਉਨ੍ਹਾਂ ਦਾ ਢਿੱਡ ਭਰਦੀ ਹੈ।
ਪਹਿਲਾਂ ਨਸ਼ਾ ਤੇ ਹੁਣ ਗਰੀਬੀ ਲੈ ਬੈਠੀ: ਬਜ਼ੁਰਗ ਔਰਤ ਦੀ ਨੂੰਹ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਕਾਫੀ ਤਰਸਯੋਗ ਬਣੇ ਹੋਏ ਹਨ, ਕਿਉਂਕਿ ਕੋਈ ਪੈਸਾ ਨਾ ਹੋਣ ਕਾਰਨ ਉਸ ਦੇ ਬੱਚੇ ਨਾ ਤਾਂ ਪੜ੍ਹ ਲਿਖ ਸਕਦੇ ਹਨ ਅਤੇ ਨਾ ਹੀ ਦੋ ਵਕਤ ਦੀ ਰੋਟੀ ਨਾਲ ਖਾ ਰਹੇ ਹਨ। ਪੀੜਤ ਔਰਤ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਦਾ ਘਰ ਨਸ਼ਿਆਂ ਨੇ ਖਾ ਲਿਆ ਅਤੇ ਹੁਣ ਇਹ ਗਰੀਬੀ ਉਨ੍ਹਾਂ ਦੇ ਘਰ ਨੂੰ ਖਾਈ ਜਾ ਰਹੀ ਹੈ।
ਪੀੜਤ ਬਜ਼ੁਰਗ ਔਰਤ ਸਤਨਾਮ ਕੌਰ ਅਤੇ ਉਸ ਦੀ ਨੂੰਹ ਪਰਮਜੀਤ ਕੌਰ ਅਤੇ ਛੋਟੇ ਛੋਟੇ ਬੱਚਿਆਂ ਨੇ ਸਮਾਜ ਸੇਵੀਆਂ ਤੋਂ ਗੁਹਾਰ ਲਾਈ ਹੈ ਕਿ ਉਨ੍ਹਾਂ ਦੀ ਕੁਝ ਨਾ ਕੁਝ ਸਹਾਇਤਾ ਕੀਤੀ ਜਾਵੇ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾ ਸਕਣ ਅਤੇ ਦੋ ਵਕਤ ਦੀ ਰੋਟੀ ਖਾ ਸਕਣ। ਜੇ ਕੋਈ ਦਾਨੀਂ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ, ਤਾਂ ਇਨ੍ਹਾਂ ਦਾ ਮੋਬਾਇਲ ਨੰਬਰ 9855314702 ਹੈ, ਉਨ੍ਹਾਂ ਨਾਲ ਸੰਪਰਕ ਕਰਕੇ ਮਦਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: SSP ਕੁਲਦੀਪ ਚਹਿਲ ਵੱਲੋਂ ਰਿਲੀਵ, ਪੰਜਾਬ ਸਰਕਾਰ ਅਤੇ ਕੇਂਦਰ ਵਿੱਚ ਛਿੜਿਆ ਨਵਾਂ ਕਲੇਸ਼ !