ਤਰਨ ਤਾਰਨ: ਲੋਕ ਸਭਾ ਚੋਣਾਂ 2019 ਦੇ ਚੱਲਦਿਆਂ ਸੂਬੇ ਅੰਦਰ 13 ਲੋਕ ਸਭਾ ਸੀਟਾਂ 'ਤੇ ਚੋਣ ਪ੍ਰਕਰਿਆ ਚੱਲ ਰਹੀ ਹੈ। ਇਸ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਚੋਂ ਕਈ ਹਿੰਸਕ ਖ਼ਬਰਾਂ ਆ ਰਹੀਆਂ ਹਨ। ਇਸੇ ਲੜੀ 'ਚ ਤਰਨ-ਤਾਰਨ ਦੇ ਪਿੰਡ ਸਰਲੀ ਵਿਖੇ ਵੋਟਾਂ ਦੀ ਰਜਿਸ਼ ਨੂੰ ਲੈਕੇ ਬੰਟੀ ਨਾਮਕ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਅਕਾਲੀ ਦਲ 'ਤੇ ਦੋਸ਼ ਲਗਾਇਆ ਤੇ ਕਿਹਾ ਕਿ ਵੋਟਾਂ ਦੀ ਰੰਜਿਸ਼ ਦੇ ਚੱਲਦਿਆਂ ਇਹ ਕਤਲ ਕੀਤਾ ਗਿਆ ਹੈ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਬੰਟੀ ਵੋਟ ਪਾ ਕੇ ਘਰ ਆ ਰਿਹਾ ਸੀ, ਬੰਟੀ ਤੋਂ ਹਮਲਾਵਰ ਨੇ ਪੁਛਿਆ ਕਿ ਉਨ੍ਹਾਂ ਨੇ ਵੋਟ ਕਿਸ ਪਾਰਟੀ ਨੂੰ ਪਾਈ ਹੈ, ਜਿਸ ਨੂੰ ਲੈ ਕੇ ਆਪਸੀ ਝੜਪ ਸ਼ੁਰੂ ਹੋ ਗਈ ਅਤੇ ਮਾਮਲਾ ਇਨ੍ਹਾਂ ਉਲਝ ਗਿਆ ਕਿ ਹਮਲਾਵਰ ਨੇ ਦਾਤਰ ਨਾਲ ਵਾਰ ਕਰਕੇ ਬੰਟੀ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਉਧਰ, ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਕਾਤਲ ਵੱਲੋਂ ਸ਼ਰਾਬ ਪੀਤੀ ਗਈ ਸੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਉਸਨੇ ਬੰਟੀ ਦਾ ਕਤਲ ਕੀਤਾ ਹੈ। ਫ਼ਿਲਹਾਲ ਪੁਲਿਸ ਨੇ ਇਸ ਮਾਮਲੇ ਨੂੰ ਵੋਟਾਂ ਨਾਲ ਨਹੀਂ ਜੋੜਿਆ 'ਤੇ ਕਿਹਾ ਹੈ ਕਿ ਕੋਈ ਆਪਸੀ ਰੰਜਿਸ਼ ਦੇ ਚੱਲਦਿਆਂ ਇਹ ਘਟਨਾ ਵਾਪਰੀ ਹੈ।