ਤਰਨਤਾਰਨ : ਭਿੱਖੀਵਿੰਡ ਤੋਂ ਇਕ ਨਾਬਾਲਿਗ ਲੜਕੀ ਨੂੰ ਫਾਹਾ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਭਿੱਖੀਵਿੰਡ ਦੀ ਇਕ 15 ਸਾਲਾ ਲੜਕੀ ਲਵ ਮੈਰਿਜ ਕਰਵਾ ਕੇ ਆਪਣੀ ਸਹੁਰੇ ਘਰ ਗਈ ਸੀ। ਸਹੁਰੇ ਘਰ ਵਿਚ ਪਤੀ ਨਾਲ ਕਿਸੇ ਗੱਲੋਂ ਝਗੜਾ ਹੋਣ ਮਗਰੋਂ ਪਤੀ ਨੇ ਉਕਤ ਲੜਕੀ ਦਾ ਕਤਲ ਕਰ ਦਿੱਤਾ। ਉਥੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਲੜਕੀ ਸਿਮਰਨਜੀਤ ਕੌਰ ਦੇ ਪਿਤਾ ਗੁਰਲਾਲ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਉਹ ਕਲਸੀ ਸੀਮੈਂਟ ਸਟੋਰ ਉਤੇ ਕੰਮ ਕਰਦਾ ਹੈ ਅਤੇ ਮਜ਼੍ਹਬੀ ਸਿੱਖ ਜਾਤੀ ਨਾਲ ਸੰਬੰਧ ਰੱਖਦਾ ਹੈ ਤੇ ਉਸਦੀਆਂ ਦੋ ਲੜਕੀਆਂ ਅਤੇ ਇੱਕ ਲੜਕਾ ਹੈ, ਜਿਨ੍ਹਾਂ ਵਿੱਚ 15 ਸਾਲਾ ਲੜਕੀ ਸਿਮਰਨਜੀਤ ਕੌਰ ਨੇ ਆਪਣੀ ਮਰਜ਼ੀ ਨਾਲ ਪਿੰਡ ਦੇ ਹੀ ਨੌਜਵਾਨ ਪਵਨਦੀਪ ਸਿੰਘ ਨਾਲ ਲਵ ਮੈਰਿਜ ਕਰਵਾਈ ਹੈ। ਉਨ੍ਹਾਂ ਦਾ ਵਿਆਹ ਬੀਤੀ 21 ਜਨਵਰੀ ਨੂੰ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਭਿੱਖੀਵਿੰਡ ਵਿਖੇ ਪੂਰੇ ਸਿੱਖ ਰੀਤਾਂ ਅਨੁਸਾਰ ਕੀਤਾ ਗਿਆ ਸੀ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਪਿੰਡ ਭਿੱਖੀਵਿੰਡ ਦੇ ਸਰਪੰਚ ਮਨਦੀਪ ਸਿੰਘ ਦਾ ਫੋਨ ਆਇਆ ਕਿ ਉਸਦੀ ਲੜਕੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ ਤਾਂ ਜਦ ਉਹ ਲੜਕੀ ਦੇ ਸਹੁਰੇ ਘਰ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਲੜਕੀ ਦੇ ਗਲ਼ੇ ਉਤੇ ਨਿਸ਼ਾਨ ਹਨ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸਦੀ ਲੜਕੀ ਦਾ ਕਤਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Lok Sabha elections 2024: ਕਾਂਗਰਸ ਦੀ ਖਾਨਾਜੰਗੀ, ਕਿਧਰੇ ਵਿਗਾੜ ਤਾਂ ਨਹੀਂ ਦੇਵੇਗੀ ਕਾਂਗਰਸ ਦਾ ਹਾਜ਼ਮਾ ? ਪੜ੍ਹੋ ਖਾਸ ਰਿਪੋਰਟ
ਪੁਲਿਸ ਕਰ ਰਹੀ ਕਾਰਵਾਈ : ਗੁਰਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਦੀ ਜਾਣਕਾਰੀ ਥਾਣਾ ਭਿੱਖੀਵਿੰਡ ਦੀ ਪੁਲਸ ਨੂੰ ਦਿੱਤੀ ਹੈ। ਮੌਕੇ ਉਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕਾਰਵਾਈ ਆਰੰਭ ਕਰ ਦਿੱਤੀ ਹੈ। ਲੜਕੀ ਦੇ ਪਿਤਾ ਨੇ ਮੰਗ ਕੀਤੀ ਕਿ ਉਸਦੀ ਲੜਕੀ ਦਾ ਕਤਲ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲੜਕੇ ਤੇ ਲੜਕੀ ਦਾ ਆਪਸੀ ਝਗੜਾ ਹੋਇਆ ਸੀ, ਜਿਸ ਉਤੇ ਲੜਕੇ ਨੇ ਤਹਿਸ਼ ਵਿੱਚ ਆਕੇ ਆਪਣੀ ਪਤਨੀ ਦਾ ਸਾਹ ਘੁੱਟ ਕੇ ਕਤਲ ਕਰ ਦਿੱਤਾ ਹੈ, ਜਿਸ ਉਤੇ ਭਿੱਖੀਵਿੰਡ ਪੁਲਸ ਵੱਲੋਂ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਨਾਬਾਲਿਗਾ ਦਾ ਵਿਆਹ ਕਰਵਾਉਣਾ ਕਿੰਨਾ ਕੁ ਸਹੀ : ਸੁਪਰੀਮ ਕੋਰਟ ਵੱਲੋਂ ਦੇਸ਼ ਵਿਚ ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਤੈਅ ਕੀਤੀ ਗਈ ਹੈ ਪਰ ਫਿਰ ਵੀ ਕੁਝ ਲੋਕ ਨਾਬਾਲਿਗ ਲੜਕੀਆਂ ਦੇ ਵਿਆਹ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਭਿੱਖੀਵਿੰਡ ਵਿਖੇ ਵੀ ਸਿਮਰਨਜੀਤ ਕੌਰ ਦਾ 15 ਸਾਲ ਦੀ ਉਮਰ ਵਿਚ ਵਿਆਹ ਕਰ ਦਿੱਤਾ ਗਿਆ। ਹਾਲਾਂਕਿ ਇਸ ਵਿਚ ਪਰਿਵਾਰ ਦੀ ਅਣਗਹਿਲੀ ਜਾਂ ਲੜਕੀ ਦੀ ਜ਼ਿੱਦ ਹੈ, ਇਹ ਕਹਿਣਾ ਮੁਸ਼ਕਿਲ ਹੈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਵੀ ਕਾਰਵਾਈ ਕਰਨ ਦੀ ਲੋੜ ਹੈ ਕਿ ਆਖਰ ਨਾਬਾਲਿਗ ਲੜਕੀ ਦਾ ਵਿਆਹ ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਚ ਕਿਸ ਦੀ ਸ਼ਹਿ ਤੇ ਅਣਗਹਿਲੀ ਨਾਲ ਹੋਇਆ।