ਤਰਨਤਾਰਨ: ਯੂਕਰੇਨ ਤੇ ਰੂਸ ਵਿਚਾਲੇ ਲੱਗੀ ਜੰਗ (War between Ukraine and Russia) ਕਾਰਨ ਜਿੱਥੇ ਪੂਰੀ ਦੁਨੀਆ ਘਬਰਾਈ ਹੋਈ ਹੈ, ਤਾਂ ਉੱਥੇ ਹੀ ਇਨ੍ਹਾਂ ਦੋਵਾਂ ਮੁਲਕਾਂ ਦੀ ਆਪਸੀ ਲੜਾਈ ਦਾ ਅਸਰ ਪੰਜਾਬ ‘ਤੇ ਕਾਫ਼ੀ ਵੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਪੰਜਾਬ ਤੋਂ ਇੱਕ ਪਾਸੇ ਜਿੱਥੇ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ (MBBS Study) ਲਈ ਵਿਦਿਆਰਥੀ ਯੂਕਰੇਨ ਗਏ ਹੋਏ ਹਨ।
ਉੱਥੇ ਹੀ ਕੁਝ ਅਜਿਹੇ ਨੌਜਵਾਨ ਵੀ ਹਨ, ਜੋ ਰੁਜ਼ਗਾਰ ਦੀ ਭਾਲ ਵਿੱਚ ਪੰਜਾਬ ਤੋਂ ਯੂਕਰੇਨ (From Punjab to Ukraine) ਗਏ ਹਨ, ਪਰ ਹੁਣ ਇੱਥੇ ਜੰਗ ਲੱਗਣ ਕਾਰਨ ਜਿੱਥੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਹੈ, ਉੱਥੇ ਹੀ ਰੁਜ਼ਗਾਰ ਲਈ ਗਏ ਨੌਜਵਾਨ ਵੀ ਖ਼ਤਰੇ ਵਿੱਚ ਹਨ।
ਪੰਜਾਬ ਦੇ ਤਰਨਤਾਰਨ ਦੇ ਪਿੰਡ ਡੱਲ (Dal village of Tarn Taran) ਦਾ ਰਹਿਣ ਵਾਲਾ ਸਰਬਜੀਤ ਸਿੰਘ ਵੀ ਯੂਕਰੇਨ (Ukraine) ਵਿੱਚ ਗਏ ਹੋਇਆ ਹੈ, ਇਹ ਨੌਜਵਾਨ ਵੀ ਬਾਕੀ ਨੌਜਵਾਨਾਂ ਵਾਂਗ ਯੂਕਰੇਨ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਗਿਆ ਸੀ, ਪਰ ਹੁਣ ਇੱਥੇ ਜੰਗ ਲੱਗਣ ਕਾਰਨ ਇਸ ਨੌਜਵਾਨ ਕੋਲ ਨਾ ਤਾਂ ਭਾਰਤ ਵਾਪਸ ਲਈ ਕੋਈ ਪੈਸਾ ਹੈ ਅਤੇ ਨਾ ਹੀ ਉੱਥੇ ਉਨ੍ਹਾਂ ਕੋਲ ਕੋਈ ਰੋਟੀ ਦਾ ਪ੍ਰਬੰਧ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਨੌਜਵਾਨ ਦੇ ਮਾਪਿਆ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ, ਕਿ ਭਾਰਤ ਸਰਕਾਰ (Government of India) ਜਲਦ ਤੋਂ ਜਲਦ ਉਨ੍ਹਾਂ ਨੂੰ ਯੂਕਰੇਨ ਤੋਂ ਭਾਰਤ ਵਾਪਸ ਲੈ ਕੇ ਆਵੇ।
ਨੌਜਵਾਨ ਦੀ ਮਾਤਾ ਅਮਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ ਅਤੇ ਪਰਿਵਾਰ ਕੋਲ ਘੱਟ ਜ਼ਮੀਨ ਹੋਣ ਕਾਰਨ ਉਨ੍ਹਾਂ ਨੇ ਕਰਜ਼ਾ ਚੁੱਕ ਕਿ ਆਪਣੇ ਪੁੱਤਰ ਸਰਬਜੀਤ ਸਿੰਘ ਨੂੰ ਬਾਹਰ ਭੇਜਿਆ ਸੀ, ਪਰ ਉੱਥੇ ਦੇ ਹਾਲਾਤ ਹੁਣ ਖ਼ਰਾਬ ਹੋਣ ਕਾਰਨ ਅਸੀਂ ਬਹੁਤ ਪ੍ਰੇਸ਼ਾਨ ਹਾਂ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸਰਬਜੀਤ ਸਿੰਘ ਕੋਲ ਕੋਈ ਰੁਜ਼ਗਾਰ ਨਾ ਹੋਣ ਕਰਕੇ ਉਸ ਨੂੰ ਯੂਕਰੇਨ ਭੇਜਿਆ ਸੀ, ਜਿੱਥੇ ਉਸ ਨੇ ਇਟਲੀ ਨੂੰ ਜਾਣਾ ਸੀ, ਪਰ ਇਸ ਤੋਂ ਪਹਿਲਾਂ ਹੀ ਹਾਲਾਤ ਖ਼ਰਾਬ ਹੋਣ ਕਰਕੇ ਉਹ ਉੱਥੇ ਹੋਰ ਨਹੀਂ ਰਹੇ ਸਕਦੇ। ਜਿਸ ਲਈ ਭਾਰਤ ਸਰਕਾਰ ਤੁਰੰਤ ਉਨ੍ਹਾਂ ਦੀ ਭਾਰਤ ਵਾਪਸ ਦਾ ਕੋਈ ਪ੍ਰਬੰਧ ਕਰੇ।
ਇਹ ਵੀ ਪੜ੍ਹੋ: ਏਅਰ ਇੰਡੀਆ ਦੀ ਦੂਜੀ ਫਲਾਈਟ ਯੂਕਰੇਨ ਤੋਂ 250 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ