ਤਰਨਤਾਰਨ: ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਵੱਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਸਨ, ਪਰ ਜਿਵੇਂ ਹੀ ਪੰਜਾਬ ਅੰਦਰ ਸਰਕਾਰ ਬਣਦੀ ਹੈ, ਉਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੌਲੀ-ਹੌਲੀ ਆਪਣੇ ਕੀਤੇ ਹੋਏ ਵਾਅਦਿਆਂ ਵਿੱਚ ਦਿਨੋਂ-ਦਿਨ ਫੇਲ੍ਹ ਸਾਬਿਤ ਹੁੰਦੀ ਜਾ ਰਹੀ ਹੈ। ਜਿਸ ਦੀ ਤਾਜ਼ਾ ਮਿਸਲ ਤਰਨਤਾਰਨ ਦੇ ਪਿੰਡ ਘੜਕਾ ਤੋਂ ਸਾਹਮਣੇ ਆਈ ਹੈ। ਜਿੱਥੇ ਇਲਾਕੇ ਦੇ ਕਿਸਾਨਾਂ ਦੀ ਝੋਨੇ ਦੀ ਫਸਲ ਦਰਿਆ ਦੇ ਪਾਣੀ ਵਿੱਚ ਡੁੱਬ ਚੁੱਕੀ ਹੈ, ਪਰ ਹਾਲੇ ਤੱਕ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਜਾਇਜ਼ਾ ਲਿਆ ਹੈ।
ਮਾਮਲਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ (Vidhan Sabha constituency Khadur Sahib) ਦੇ ਅਧੀਨ ਆਉਂਦੇ ਕਸਬਾ ਚੋਹਲਾ ਸਾਹਿਬ ਦੇ ਪਿੰਡ ਘੜਕਾ ਦਾ ਹੈ, ਜਿੱਥੇ ਦੇ ਕਿਸਾਨਾ ‘ਤੇ ਫਿਰ ਦਰਿਆ ਦੀ ਮਾਰ ਪਈ ਹੈ, ਦਰਿਆ ਵਿੱਚ ਪਾਣੀ ਜ਼ਿਆਦਾ ਆਉਣ ਕਰਕੇ ਕਿਸਾਨਾਂ ਦੀ ਫਸਲ ਡੁੱਬ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਕਿਸਾਨ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਥਾਂ ਦਾ ਦੌਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ, ਕਿ ਜੇਕਰ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਇਸ ਦਰਿਆ ਨੂੰ ਨਹਿਰ ਵਾਂਗ ਪੱਕਾ ਕਰਨਗੇ, ਪਰ ਹਾਲੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਫਸਲ ਬਰਬਾਦ ਹੋਣ ਦੇ ਕਾਰਨ ਕਿਸਾਨਾਂ ਦੇ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਜਾਂਦੀ ਹੈ, ਜਿਸ ਕਾਰਨ ਕਿਸਾਨ ਆਤਮ ਹੱਤਿਆ ਕਰਨ ਦੇ ਲਈ ਮਜ਼ਬੂਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਨਾ ਤਾਂ ਕਦੇ ਪਹਿਲਾਂ ਕਿਸਾਨਾਂ ਦੀ ਕੋਈ ਚਿੰਤਾ ਸੀ ਅਤੇ ਨਾ ਹੀ ਹੁਣ ਕੋਈ ਕਿਸਾਨਾਂ ਦੀ ਚਿੰਤਾ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕਰੇ।
ਇਹ ਵੀ ਪੜ੍ਹੋ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ