ਤਰਨਤਾਰਨ: ਸਰਹੱਦੀ ਥਾਣਾ ਖਾਲੜਾ ਵਿਖੇ ਤੈਨਾਤ ਏਐਸਆਈ ਸਤਨਾਮ ਸਿੰਘ ਦੀ ਰਿਸ਼ਵਤ ਲੈਂਦਿਆਂ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉਸ ਖਿਲਾਫ਼ ਥਾਣਾ ਖਾਲੜਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਸਤਨਾਮ ਸਿੰਘ ਨੂੰ ਕਚਿਹਰੀ 'ਚ ਪੇਸ਼ ਕਰਨ ਲਈ ਲਿਆਂਦਾ ਗਿਆ ਤਾਂ ਹੰਗਾਮਾ ਖੜ੍ਹਾ ਹੋ ਗਿਆ। ਬਜ਼ੁਗਰ ਦਿਲਬਾਗ ਸਿੰਘ ਨੇ ਏਐਸਆਈ ਸਤਨਾਮ, ਏਐਸਆਈ ਸਾਹਿਬ ਸਿੰਘ 'ਤੇ 60 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲਾਏ ਗਏ। ਦਿਲਬਾਗ ਸਿੰਘ ਨੇ ਪੈਸੇ ਮੁੜਾਉਣ ਲਈ ਏਐਸਆਈ ਸਾਹਿਬ ਸਿੰਘ ਨੂੰ ਬੇਨਤੀ ਕੀਤੀ ਪਰ ਸਾਹਿਬ ਸਿੰਘ ਸਣੇ ਕਿਸੇ ਅਧਿਕਾਰੀ ਨੇ ਉਸ ਦੀ ਨਹੀਂ ਸੁਣੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਿਆਂ ਪਿੰਡ ਦੇ ਕਿਸੇ ਦੂਜੀ ਪਾਰਟੀ ਨਾਲ ਜ਼ਮੀਨ ਦਾ ਰੌਲਾ ਚਲ ਰਿਹਾ ਸੀ, ਦਿਲਬਾਗ ਸਿੰਘ ਨੇ ਦੋਸ਼ ਲਾਇਆ ਕਿ ਮੇਰੇ ਪਾਸੋਂ ਜਸਵੰਤ ਸਿੰਘ ਐਸਐਚਓ ਖਾਲੜਾ, ਏਐਸਆਈ ਸਤਨਾਮ ਸਿੰਘ ਅਤੇ ਸਾਹਿਬ ਸਿੰਘ ਏਐਸਆਈ ਥਾਣਾ ਖਾਲੜਾ ਵਲੋਂ ਝੂਠੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ 60 ਹਜਾਰ ਰੁਪਏ ਦੀ ਰਿਸ਼ਵਤ ਲਈ ਗਈ ਹੈ। ਉਸ ਨੇ ਕਿਹਾ ਕਿ ਮਾਮਲਾ ਨਾ ਦਰਜ ਕਰਨ ਦੀ ਸੂਰਤ 'ਚ ਇਹ ਰਿਸ਼ਵਤ ਲਈ ਗਈ ਸੀ ਪਰ ਪੁਲਿਸ ਨੇ ਉਲਟ ਉਨ੍ਹਾਂ 'ਤੇ ਹੀ ਤਿੰਨ ਝੂਠੇ ਮਾਮਲੇ ਦਰਜ ਕਰ ਦਿੱਤੇ ਹਨ।
ਮਾਮਲੇ 'ਤੇ ਚਾਣਨਾ ਪਾਉਂਦਿਆਂ ਦਿਲਬਾਗ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਦਾ ਕੋਈ ਭਰਾ ਨਾ ਹੋਣ ਕਾਰਣ ਪਿੰਡ ਨਾਰਲੀ ਵਿਖੇ ਸਥਿਤ ਤਿੰਨ ਏਕੜ ਜ਼ਮੀਨ ਦੀ ਵਸੀਅਤ ਮੇਰੇ ਸਹੁਰੇ ਵਲੋਂ ਮੇਰੀ ਪਤਨੀ 'ਤੇ ਉਸਦੀ ਭੈਣ ਦੇ ਨਾਮ ਕੀਤੀ ਗਈ ਸੀ।ਪਰ ਮੇਰੀ ਪਤਨੀ ਦੇ ਚਾਚੇ ਦਾ ਪੁੱਤਰ ਜ਼ਬਰਦਸਤੀ ਧੱਕੇ ਨਾਲ ਕਬਜਾ ਕਰਨਾਂ ਚਾਹੁੰਦਾ ਹੈ। ਜਿਸ ਨਾਲ ਮਿਲ ਕੇ ਪੁਲੀਸ ਨੇ ਮੈਨੂੰ ਧਮਕੀਆਂ ਦੇ ਕੇ 60 ਹਜਾਰ ਰੁਪਏ ਲਏ 'ਤੇ ਝੂਠੇ ਪਰਚੇ ਵੀ ਦਰਜ ਕੀਤੇ। ਦਿਲਬਾਗ ਸਿੰਘ ਦਾ ਦੋਸ਼ ਸੀ ਕਿ ਮੈਂ ਆਪਣੀ ਡੇਢ ਏਕੜ ਜ਼ਮੀਨ ਗਹਿਣੇ ਰਖ ਕੇ ਇਹਨਾਂ ਨੂੰ ਪੈਸੇ ਦਿੱਤੇ ਸਨ ਜੋ ਹੁਣ ਵਾਪਿਸ ਨਹੀਂ ਕਰ ਰਹੇ।ਉਸਦਾ ਕਹਿਣਾ ਹੈ ਕਿ ਇਸ ਮਾਮਲੇ ਸਾਬੰਧੀ ਕਾਰਵਾਈ ਲਈ ਅਸੀਂ ਪੰਜਾਬ ਵਿਜੀਲੈਂਸ ਬਿਊਰੋ ਨੂੰ ਵੀ ਲਿਖਤ ਸ਼ਿਕਾਇਤ ਕੀਤੀ ਹੈ ਪਰ ਅਜੇ ਕੋਈ ਕਾਰਵਾਈ ਨਹੀਂ ਹੋਈ
ਦਿਲਬਾਗ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੀਆਂ ਰਿਸ਼ਵਤ ਮੰਗਦਿਆਂ 'ਤੇ ਰਿਸ਼ਵਤ ਲੈਂਦਿਆਂ ਦੀਆਂ ਆਡੀਓ ਰਿਕਾਰਡਿੰਗ ਮੌਜੂਦ ਹਨ। ਜਿਸ ਵਿੱਚ ਐਸਐਚਓ ਜਸਵੰਤ ਸਿੰਘ 'ਤੇ ਏਐਸਆਈ ਸਤਨਾਮ ਸਿੰਘ ਵਲੋਂ ਉੱਚ ਅਧਿਕਾਰੀਆਂ ਤਕ ਰਿਸ਼ਵਤ ਦਾ ਹਿੱਸਾ ਜਾਣ ਦੀ ਗਲ ਕੀਤੀ ਜਾ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਏਐਸਆਈ ਸਾਹਿਬ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਅਤੇ ਕਿਹਾ ਕਿ ਉਹ ਦਿਲਬਾਗ ਸਿੰਘ ਨੂੰ ਜਾਣਦੇ ਨਹੀਂ ਹਨ। ਸਤਨਾਮ ਸਿੰਘ ਨੂੰ ਪੇਸ਼ ਕਰਨ ਆਏ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਦਿਲਬਾਗ ਸਿੰਘ ਦੇ ਮਾਮਲੇ ਦੀ ਜਾਂਚ ਦਾ ਭਰੋਸਾ ਦਵਾਇਆ ਹੈ।