ਤਰਨ ਤਾਰਨ: ਪਿੰਡ ਮਹਿੰਦੀਪੁਰ ਵਿੱਚ 24 ਸਾਲਾ ਕਵੀਸ਼ਰ ਭਗਵੰਤ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਮ੍ਰਿਤਕ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਦੌਵੇ ਪਿਓ-ਪੁੱਤ ਖੇਤਾਂ ਵਿੱਚ ਪੱਠੇ ਲੈਣ ਗਏ ਸਨ ਤੇ ਜਦੋਂ ਉਹ ਪੱਠੇ ਵੱਢਣ ਲੱਗੇ ਤਾਂ ਉਨ੍ਹਾਂ ਦਾ ਪੁੱਤਰ ਭਗਵੰਤ ਸਿੰਘ ਨੇ ਮੋਟਰ ਚਲਾਉਣ ਲਈ ਜਦੋਂ ਬਟਨ ਨੂੰ ਹੱਥ ਲਗਾਇਆ ਤਾਂ ਉਸ ਨੂੰ ਜ਼ਬਰਦਸਤ ਕਰੰਟ ਲੱਗ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਭਗਵੰਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਪਿੰਡ ਦੇ ਸਰਪੰਚ ਨੇ ਦਸਿਆ ਕਿ ਇਹ ਇੱਕ ਗਰੀਬ ਪਰਿਵਾਰ ਦਾ ਮੁੰਡਾ ਸੀ ਤੇ ਸਵਰਨ ਸਿੰਘ ਦਾ ਇਕਲੌਤਾ ਪੁੱਤਰ ਸੀ। ਉਸ ਦਾ ਵਿਆਹ ਹੋ ਚੁਕਿਆ ਹੈ ਤੇ 2 ਬੱਚੇ ਹਨ। ਉਹ 2017 ਵਿੱਚ 6 ਮਹੀਨੇ ਕੈਨੇਡਾ ਵਿੱਚ ਕਵੀਸ਼ਰੀ ਜਥੇ ਨਾਲ ਕਈ ਪ੍ਰੋਗਰਾਮ ਵੀ ਕਰ ਚੁੱਕਿਆ ਹੈ।
ਇਸ ਮੌਕੇ ਭਾਈ ਤਰਸੇਮ ਸਿੰਘ ਮੰਡਲੀ ਕਵੀਸ਼ਰੀ ਜਥਾ ਪਿੰਡ ਠਕਰਪੁਰਾ ਟੀਮ ਨੇ ਭਗਵੰਤ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਈ ਭਗਵੰਤ ਸਿੰਘ ਇੱਕ ਉੱਚੀ ਸ਼ਖਸੀਅਤ ਸੀ। ਇਨ੍ਹਾਂ ਦੀ ਆਵਾਜ਼ ਬਹੁਤ ਵਧੀਆ ਤੇ ਸੁਰੀਲੀ ਸੀ। ਇਨ੍ਹਾਂ ਦੀ ਆਵਾਜ਼ ਨੇ ਕੈਨੇਡਾ ਵਿੱਚ ਵੀ ਧਮਾਲਾਂ ਪਾਈਆਂ ਸਨ।
ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਭਾਈ ਭਗਵੰਤ ਸਿੰਘ ਸਾਨੂੰ ਛੱਡ ਕੇ ਦੁਨੀਆਂ ਤੋਂ ਚਲੇ ਗਏ ਹਨ। ਇਸ ਨਾਲ ਸਾਡੇ ਜਥੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਮੌਕੇ ਖੇਮਕਰਨ ਦੇ ਏਐਸਆਈ ਕੁਲਬੀਰ ਸਿੰਘ ਨੇ 174 ਦੀ ਕਾਰਵਾਈ ਕਰਦਿਆਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਪੱਟੀ ਭੇਜ ਦਿੱਤਾ ਗਿਆ ਹੈ।