ਤਰਨ ਤਾਰਨ : ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਕਾਨੂੰਨ ਯੂਨੀਵਰਸਿਟੀ ਸਥਾਪਤ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਵਜੋਂ ਯੂਨੀਵਰਸਿਟੀ ਦੇ ਟ੍ਰਾਂਜਸਟ ਕੈਂਪਸ ਦਾ ਉਦਘਾਟਨ ਪਿੰਡ ਕੈਰੋਂ ਵਿਖੇ ਕੀਤਾ ਗਿਆ ਹੈ।
ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਯੂਨੀਵਰਸਿਟੀ ਦੇ ਆਰਜ਼ੀ ਕੈਂਪਸ ਦਾ ਉਦਘਾਟਨ ਕੀਤਾ। ਵਿਧਾਇਕ ਗਿੱਲ ਨੇ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਧੰਨਵਾਦੀ ਹਨ ਕਿ ਉਨ੍ਹਾਂ ਜ਼ਿਲ੍ਹੇ ਵਿੱਚ ਇੱਕ ਵੱਡੀ ਸਿੱਖਿਆ ਸੰਸਥਾ ਨੂੰ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਆਖਿਆ ਕਿ ਉਹ ਸਾਰੇ ਹਲਕੇ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਹਾਲੇ ਯੂਨੀਵਰਸਿਟੀ ਦਾ ਆਰਜ਼ੀ ਕੈਂਪਸ ਤਿਆਰ ਕੀਤਾ ਗਿਆ। ਇਸ ਵਿੱਚ ਇਸ ਸ਼ੈਸਨ ਤੋਂ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਦਿੱਲੀ: ਮੈਟਰੋ ਸਟੇਸ਼ਨ' ਤੇ ਲਗੇ 'ਦੇਸ਼ ਦੇ ਗੱਦਾਰਾਂ ਨੂੰ, ਗੋਲੀ ਮਾਰੋ...' ਦੇ ਨਾਅਰੇ, 6 ਨੌਜਵਾਨ ਗ੍ਰਿਫ਼ਤਾਰ
ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਦੇ ਬਾਕੀ ਨਿਰਮਾਣ ਦਾ ਕੰਮ ਵੀ ਜਦਲ ਸ਼ੁਰੂ ਕੀਤਾ ਜਾਵੇਗਾ। ਉਸ ਲਈ ਟੀਮ ਵੱਲੋਂ ਨਿਰੀਖਣ ਕੀਤੇ ਜਾਣਗੇ। ਉਨ੍ਹਾਂ ਉਮੀਦ ਜਤਾਈ ਕਿ ਯੂਨੀਵਰਸਿਟੀ ਦਾ ਨਿਰਮਾਣ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪਿੰਡ ਕੈਰੋਂ 'ਚ ਹੀ ਕੀਤਾ ਜਾਵੇਗਾ।
ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਪਿੰਡ ਕੈਰੋਂ ਵਿਚਲੀ ਸਿੱਖਿਆ ਵਿਭਾਗ ਦੀ ਜ਼ਮੀਨ ਨੂੰ ਇਸ ਯੂਨੀਵਰਸਿਟੀ ਲਈ ਵਰਤਣ ਦੀ ਬੇਨਤੀ ਕੀਤੀ ਹੈ।