ਤਰਨਤਾਰਨ: ਸੂਬੇ ਭਰ ’ਚ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਹੋਇਆ ਹੈ। ਕਈ ਥਾਵਾਂ ’ਤੇ ਅਜੇ ਵੀ ਮੀਂਹ ਪੈ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਦੂਜੇ ਪਾਸੇ ਇਹ ਮੀਂਹ ਇਸ ਗਰੀਬ ਪਰਿਵਾਰ ਦੇ ਲਈ ਕਹਿਰ ਬਣ ਵਰ੍ਹਿਆ ਹੈ। ਮੀਂਹ ਪੈਣ ਕਾਰਨ ਇਸ ਗਰੀਬ ਪਰਿਵਾਰ ਦੇ ਘਰ ਦੀਆਂ ਛੱਤਾਂ ਟੁੱਟਣ ਲੱਗੀਆਂ ਹਨ ਜਿਸ ਕਾਰਨ ਪੀੜਤ ਮਹਿਲਾ ਬਾਥਰੂਮ ’ਚ ਰੋਟੀਆਂ ਪਕਾਉਣ ਲਈ ਮਜਬੂਰ ਹੈ।
ਸਰਕਾਰ ਵੱਲੋਂ ਬੇਸ਼ਕ ਲੱਖਾਂ ਹੀ ਦਾਅਵੇ ਕੀਤੇ ਜਾਂਦੇ ਰਹੇ ਹਨ ਕਿ ਉਨ੍ਹਾਂ ਵੱਲੋਂ ਗਰੀਬ ਲੋਕਾਂ ਦੀ ਹਰ ਤਰੀਕੇ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ ਪਰ ਹਲਕਾ ਖਡੂਰ ਸਾਹਿਬ ਦੇ ਪਿੰਡ ਭਰੋਵਾਲ ਵਿਖੇ ਰਹਿ ਰਿਹਾ ਇਸ ਪਰਿਵਾਰ ਦੀ ਘਰ ਦੀ ਹਾਲਤ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਘਰ ਦੀਆਂ ਛੱਤਾਂ ਮੀਂਹ ਕਾਰਨ ਖਰਾਬ ਹੋਣ ਕਾਰਨ ਪੀੜਤ ਮਹਿਲਾ ਬਾਥਰੂਮ ’ਚ ਰੋਟੀ ਪਕਾਉਣ ਲਈ ਮਜਬੂਰ ਹੈ।
ਪਤੀ ਦੀ ਮੌਤ ਤੋਂ ਬਾਅਦ ਘਰ ਦੀ ਹਾਲਤ ਖਸਤਾ
ਪੀੜਤ ਮਹਿਲਾ ਨੇ ਦੱਸਿਆ ਕਿ ਭਾਰੀ ਮੀਂਹ ਪੈਣ ਕਾਰਨ ਘਰ ਚ ਸਾਰੇ ਪਾਸੇ ਚਿਕੜ ਚਿਕੜ ਭਰ ਗਿਆ ਹੈ, ਕਮਰੇ ਦੀਆਂ ਛੱਤਾ ਟੁੱਟਣ ਲੱਗੀਆਂ ਹਨ, ਜਿਸ ਕਾਰਨ ਕਦੇ ਵੀ ਕੋਈ ਭਿਆਨਕ ਹਾਦਸਾ ਵਾਪਰਨ ਦਾ ਖਤਰਾ ਬਣਿਆ ਹੋਇਆ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਨੂੰ ਕਰੀਬ 8 ਸਾਲ ਹੋ ਚੁੱਕੇ ਹਨ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਦੇ ਘਰ ਦੀ ਹਾਲਤ ਖਰਾਬ ਹੋਣ ਲੱਗ ਪਈ। ਬੱਚਿਆ ਦਾ ਢਿੱਡ ਭਰਨ ਲਈ ਉਹ ਆਪ ਦਿਹਾੜੀ ਕਰ ਰਹੀ ਹੈ।
ਪੀੜਤ ਪਰਿਵਾਰ ਨੇ ਕੀਤੀ ਮਦਦ ਦੀ ਮੰਗ
ਉਸਨੇ ਦੱਸਿਆ ਕਿ ਮੀਂਹ ਦੇ ਦਿਨਾਂ ’ਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਕਿਸੇ ਵੱਲੋਂ ਪ੍ਰਸ਼ਾਸਨ ਅਤੇ ਕਿਸੇ ਵੀ ਪਿੰਡ ਦੇ ਮੋਹਤਬਰ ਵੱਲੋਂ ਸਾਰ ਨਹੀਂ ਲਈ ਗਈ। ਗਰੀਬ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਦੇ ਘਰ ਦੀਆਂ ਛੱਤਾਂ ਬਣਵਾ ਕੇ ਦਿੱਤੀਆਂ ਜਾਣ ਤਾਂ ਜੋ ਉਹ ਆਪਣੇ ਬੱਚਿਆ ਨਾਲ ਆਰਾਮ ਨਾਲ ਘਰ ਚ ਜੀਵਨ ਬਤੀਤ ਕਰ ਸਕਣ।