ਤਰਨਤਾਰਨ : ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਦਰਬਾਰ ਸਾਹਿਬ ਸਾਹਮਣੇ ਬਣ ਰਹੀ ਪਾਰਕਿੰਗ ਦੀ ਪੁਟਾਈ ਦੌਰਾਨ ਪੁਰਾਣਾ ਅਣਚੱਲਿਆ ਬੰਬ ਬਰਾਮਦ ਹੋਇਆ ਹੈ। ਬੰਬ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਹਾਲਾਂਕਿ ਸੇਵਾਦਾਰਾਂ ਵੱਲੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਬੰਬ ਨਿਰੋਧਕ ਦਸਤਿਆਂ ਨੂੰ ਉਥੇ ਸੱਦਿਆ ਹੈ।
ਜਾਣਕਾਰੀ ਅਨੁਸਾਰ ਉਕਤ ਬੰਬ ਕਈ ਸਾਲ ਪੁਰਾਣਾ ਜਾਪ ਰਿਹਾ ਹੈ ਤੇ ਅਣਚੱਲਿਆ ਹੈ। ਹਾਲਾਂਕਿ ਇਹ ਬੰਬ ਫੌਜ ਦਾ ਹੈ ਜਾਂ ਨਹੀਂ ਇਸ ਸਬੰਧੀ ਖੁਲਾਸਾ ਬੰਬ ਨਿਰੋਧਕ ਦਸਤੇ ਹੀ ਕਰਨਗੇ। ਗੁਰਦੁਆਰਾ ਸਾਹਿਬ ਵਿੱਚ ਰੇਹੜੀ ਲਾਉਣ ਵਾਲੇ ਇਕ ਨੌਜਵਾਨ ਨੇ ਜਦੋਂ ਪਾਰਕਿੰਗ ਦੀ ਪੁਟਾਈ ਉਪਰੰਤ ਸਾਫ਼-ਸਫ਼ਾਈ ਕੀਤੀ ਤਾਂ ਉਸ ਸਮੇਂ ਇਹ ਬੰਬ ਮਿਲਿਆ, ਜਿਸ ਸਬੰਧੀ ਉਸ ਨੇ ਸੇਵਾਦਾਰਾਂ ਨੂੰ ਤੁਰੰਤ ਜਾਣੂ ਕਰਵਾਇਆ।
ਸਾਫ਼-ਸਫ਼ਾਈ ਕਰਨ ਮੌਕੇ ਮਿਲਿਆ ਹੈਂਡ ਗ੍ਰਨੇਡ : ਕੁਲਫੀਆਂ ਦੀ ਰੇਹੜੀ ਲਾਉਣ ਵਾਲੇ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਸਫਾਈ ਕਰਨ ਪਹੁੰਚਿਆਂ ਤਾਂ ਝਾੜੂ ਲਾਉਣ ਲੱਗਿਆ ਬੰਬ ਮਿਲਿਆ ਤੇ ਉਹ ਬੰਬ ਹੱਥ ਵਿੱਚ ਫੜ ਕੇ ਸੇਵਾਦਾਰਾਂ ਕੋਲ ਲੈ ਗਿਆ। ਬੰਬ ਦੇਖਦਿਆਂ ਸੇਵਾਦਾਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਰੇਹੜੀ ਚਾਲਕ ਨੌਜਵਾਨ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਉਸ ਦੇ ਹੱਥ ਵਿੱਚ ਬੰਬ ਹੈ।
ਇਹ ਵੀ ਪੜ੍ਹੋ : ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤੀ ਪੰਜਾਬ ਸਰਕਾਰ ਦੀ ਸ਼ਲਾਘਾ, ਕਿਹਾ- ਸਰਕਾਰ ਨੇ ਟੋਲ ਪਲਾਜ਼ੇ ਬੰਦ ਕਰਵਾ ਕੇ ਆਮ ਲੋਕਾਂ ਦੀ ਰੋਕੀ ਲੁੱਟ
ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀ : ਇਸ ਮੌਕੇ ਪੁਲਿਸ ਏਐਸਆਈ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਦੀ ਪੁਟਾਈ ਦੌਰਾਨ ਸੇਵਾਦਾਰਾਂ ਨੂੰ ਹੈਂਡ ਗ੍ਰਨੇਡ ਬਰਾਮਦ ਹੋਇਆ ਸੀ। ਉਨ੍ਹਾਂ ਕਿਹਾ ਕਿ ਬੰਬ ਸਕੁਐਡ ਟੀਮਾਂ ਨੂੰ ਮੌਕੇ ਉਤੇ ਸੱਦ ਲਿਆ ਗਿਆ ਹੈ। ਡੀ ਐੱਸ ਪੀ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਸਾਹਮਣੇ ਵਾਲੀ ਪਾਰਕਿੰਗ ਵਿੱਚ ਜੇਸੀਬੀ ਰਾਹੀਂ ਪੁਟਾਈ ਦੀ ਸੇਵਾ ਚੱਲ ਰਹੀ ਸੀ ਤੇ ਇਸ ਦੌਰਾਨ ਮਿੱਟੀ ਪੁੱਟਣ ਲੱਗਿਆਂ ਗ੍ਰਨੇਡ ਨਿਕਲਿਆ। ਉਸ ਸਮੇਂ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਿਆ ਪਰ ਜਦੋਂ ਰੇਹੜੀ ਚਾਲਕ ਵੱਲੋਂ ਝਾੜੂ ਨਾਲ ਸਾਫ਼-ਸਫ਼ਾਈ ਕੀਤੀ ਗਈ ਤਾਂ ਉਸ ਨੂੰ ਇਹ ਹੈਂਡ ਗ੍ਰਨੇਡ ਬਰਾਮਦ ਹੋਇਆ, ਜੋ ਕੀ ਕਾਫੀ ਪੁਰਾਣਾ ਤੇ ਅਣਚੱਲਿਆ ਹੈ। ਉਨ੍ਹਾਂ ਕਿਹਾ ਕਿ ਬੰਬ ਦੀ ਜਾਂਚ ਲਈ ਬੰਬ ਸਕੁਐਡ ਟੀਮ ਨੂੰ ਸੱਦਿਆ ਗਿਆ ਹੈ।