ਤਰਨਤਾਰਨ: ਨਾਜਾਇਜ਼ ਸੰਬੰਧਾ ਦੇ ਚੱਲਦੇ ਵਿਆਹੁਤਾ ਔਰਤ ਦੇ ਕਤਲ ਮਾਮਲੇ 'ਚ ਪੁਲਿਸ ਨੇ ਇੱਕ ਮਹਿਲਾ ਸਮੇਤ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। 28 ਸਾਲਾਂ ਕੁਲਵਿੰਦਰ ਕੌਰ ਜਿਸ ਦਾ ਵਿਆਹ ਬਲਦੇਵ ਸਿੰਘ ਨਾਲ ਕਰੀਬ 9 ਸਾਲ ਪਹਿਲਾਂ ਹੋਇਆ ਸੀ ਅਤੇ ਇਸ ਦੇ ਤਿੰਨ ਬੱਚੇ ਹਨ। ਪਤੀ ਨਾਲ ਅਣਬਣ ਹੋਣ ਕਰਕੇ ਕੁਲਵਿੰਦਰ ਕੌਰ ਆਪਣੇ ਪਿਤਾ ਸਵਿੰਦਰ (ਨੌਸ਼ਹਿਰਾ ਪੰਨੂੰਆਂ) ਕੋਲ ਆ ਕੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ।
ਉੱਥੇ ਹੀ ਉਸਦੇ ਗੁਆਂਢ ਰਹਿੰਦੀ ਔਰਤ ਸਿਮਰਨ ਉਰਫ ਸੀਮਾ ਜਿਸ ਕੋਲ ਬਲਜੀਤ ਸਿੰਘ ਰੋਮੀ, ਅਮਨਦੀਪ ਸਿੰਘ ਅਤੇ ਹਰਜੀਤ ਸਿੰਘ ਦਾ ਆਉਣਾ ਜਾਣਾ ਸੀ। ਇਸ ਦੌਰਾਨ ਸੀਮਾ ਨੇ ਕੁਲਵਿੰਦਰ ਕੌਰ ਦੀ ਅਮਨਦੀਪ ਸਿੰਘ ਨਾਲ ਦੋਸਤੀ ਕਰਵਾ ਦਿੱਤੀ। ਜਿਸ ਦੇ ਕੁਝ ਦਿਨ ਬਾਅਦ ਅਮਨਦੀਪ ਸਿੰਘ ਕੁਲਵਿੰਦਰ ਕੌਰ ਅਤੇ ਉਸਦੇ ਛੋਟੇ ਮੁੰਡੇ ਜੁਗਰਾਜ ਸਿੰਘ ਨੂੰ ਘਰੋਂ ਲੈ ਗਿਆ। ਜਿਸ ਸੰਬੰਧੀ ਪਰਿਵਾਰ ਵੱਲੋਂ ਇਨ੍ਹਾਂ ਲੋਕਾਂ ਖਿਲਾਫ ਨੌਸ਼ਹਿਰਾ ਪੰਨੂੰਆਂ ਚੌਕੀਂ ਵਿੱਚ ਸ਼ਿਕਾਇਤ ਵੀ ਕੀਤੀ ਗਈ, ਪਰ ਪੁਲਿਸ ਜਦ ਵੀ ਇਨ੍ਹਾਂ ਨੂੰ ਥਾਣੇ ਲੈ ਕੇ ਆਉਂਦੀ ਤਾਂ ਇਨ੍ਹਾਂ ਨੂੰ ਕੁਝ ਆਗੂਆਂ ਦੀ ਸਿਫਾਰਸ਼ ਮਗਰੋਂ ਛੱਡ ਦਿੱਤਾ ਜਾਂਦਾ ਸੀ। ਪਰ ਬੀਤੀ ਰਾਤ ਕੁੜੀ ਦੇ ਮਾਸੜ ਤਾਰਾ ਸਿੰਘ ਨੂੰ ਅਤੇ ਗੁਆਂਢ ਵਿੱਚ ਰਹਿੰਦੇ ਸਤਨਾਮ ਸਿੰਘ ਨੂੰ ਪਤਾ ਲੱਗਾ ਕਿ ਕੁਲਵਿੰਦਰ ਕੌਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਹਰੀਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ।
ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਈ ਵਾਰ ਇਨ੍ਹਾਂ ਮੁਲਜ਼ਮਾਂ ਕੋਲ ਕੁਲਵਿੰਦਰ ਕੌਰ ਦੇ ਹੋਣ ਦੀ ਗੱਲ ਕਰਦੇ ਰਹੇ ਹਨ ਅਤੇ ਇਹ ਲੋਕ ਹਰ ਵਾਰ ਕੋਈ ਨਾ ਕੋਈ ਸਿਫਾਰਸ਼ ਕਰਕੇ ਛੁੱਟ ਜਾਂਦੇ ਸਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਲੋਕ ਇਨ੍ਹਾਂ ਨੂੰ ਬੇਗੁਨਾਹ ਦੱਸਦੇ ਹਨ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇ ਅਤੇ ਕੁਲਵਿੰਦਰ ਕੌਰ ਦੀ ਲਾਸ਼ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤੀ ਜਾਵੇ। ਇਸ ਮਾਮਲੇ ਬਾਰੇ ਐੱਸਐੱਚਓ ਚੰਦਰ ਭੂਸ਼ਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ ਚਾਰ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।