ਤਰਨ ਤਾਰਨ: ਕਸਬਾ ਝਬਾਲ ਦੇ ਸਾਬਕਾ ਫ਼ੌਜੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਧੀ ਦੇ ਸ਼ਾਦੀ ਵਿੱਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਗਿਆ ਸੀ। ਪ੍ਰਧਾਨ ਮੰਤਰੀ ਇਸ ਵਿਆਹ ਵਿੱਚ ਖੁਦ ਤਾਂ ਨਹੀਂ ਆਏ ਪਰ ਉਨ੍ਹਾਂ ਚਿੱਠੀ ਲਿਖ ਕੇ ਨਵੇਂ ਵਿਆਹੇ ਜੋੜੇ ਨੂੰ ਵਿਆਹ ਦੀ ਵਧਾਈ ਦਿੱਤੀ।
ਸਾਬਕਾ ਫ਼ੌਜੀ ਹਰਜੀਤ ਸਿੰਘ ਸੰਧੂ ਵੱਲੋ ਆਪਣੀ ਧੀ ਨਵਨੂਰ ਦਾ 30 ਨਵੰਬਰ ਨੂੰ ਵਿਆਹ ਰੱਖਿਆ ਗਿਆ ਸੀ। ਉਸ ਦੇ ਵਿਆਹ ਵਿੱਚ ਪ੍ਰਧਾਨ ਮੰਤਰੀ ਨੂੰ ਸ਼ਾਮਲ ਹੋਣ ਲਈ ਵਿਆਹ ਦਾ ਕਾਰਡ ਭੇਜਿਆ ਗਿਆ ਸੀ। ਪ੍ਰਧਾਨ ਮੰਤਰੀ ਆਪਣੇ ਰੁਝੇਵਿਆਂ ਕਾਰਨ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ।
ਪ੍ਰਧਾਨ ਮੰਤਰੀ ਨੇ ਸਾਬਕਾ ਫ਼ੌਜੀ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹਰਜੀਤ ਸਿੰਘ ਸੰਧੂ ਨੂੰ 9 ਦਸੰਬਰ ਨੂੰ ਚਿੱਠੀ ਲਿਖ ਕੇ ਉਸ ਦੀ ਧੀ ਡਾ. ਨਵਨੂਰ ਕੌਰ ਅਤੇ ਪਤੀ ਗੁਰਸੇਵਕ ਸਿੰਘ ਨੂੰ ਵਿਆਹ ਦੀ ਵਧਾਈ ਦਿੰਦਿਆਂ ਆਸ਼ੀਰਵਾਦ ਦਿੱਤਾ ਕਿ ਨਵ ਵਿਆਹੀ ਜੋੜੀ ਜ਼ਿੰਦਗੀ ਵਿੱਚ ਖੁਸ਼ ਰਹੇ।
ਸਾਬਕਾ ਫ਼ੌਜੀ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਚਿੱਠੀ ਲਿਖ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਨੂੰ ਇਸ ਚਿੱਠੀ ਦੀ ਵੀ ਕੋਈ ਆਸ ਨਹੀਂ ਸੀ।
ਉੱਧਰ ਹਰਜੀਤ ਸਿੰਘ ਸੰਧੂ ਦੀ ਧੀ ਡਾ. ਨਵਨੂਰ ਕੌਰ ਅਤੇ ਜਵਾਈ ਗੁਰਸੇਵਕ ਸਿੰਘ ਨੇ ਪ੍ਰਧਾਨ ਮੰਤਰੀ ਵੱਲੋ ਵਧਾਈ ਦੀ ਚਿੱਠੀ ਭੇਜਣ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।