ਤਰਨਤਾਰਨ: ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਪੂਨੀਆਂ (Village Poonia) ਵਿਖੇ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਦੀ ਮਾਂ ਗੁਰਮੀਤ ਕੌਰ ਨੇ ਦੱਸਿਆ ਕਿ ਲਖਵਿੰਦਰ ਸਿੰਘ ਦਾ 10 ਜੂਨ ਨੂੰ ਵਿਆਹ ਰੱਖਿਆ ਹੋਇਆ ਸੀ, ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਕੁੜੀ ਵਾਲਿਆਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਗੱਲ ਨੂੰ ਮ੍ਰਿਤਕ ਲਖਵਿੰਦਰ ਸਿੰਘ ਨੇ ਮਨ 'ਤੇ ਲਾ ਲਿਆ, ਅਤੇ ਗਮ ਨਾ ਸਹਾਰਦਾ ਹੋਇਆ ਖੁਦਕੁਸ਼ੀ (Suicide) ਕਰ ਗਿਆ।
ਉਨ੍ਹਾਂ ਦੱਸਿਆ ਕਿ ਲੜਕੀ ਵਾਲਿਆਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਮੁੰਡੇ ਕੋਲ ਜ਼ਮੀਨ ਥੋੜ੍ਹੀ ਹੈ, ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਵਿਚੋਲੇ ਨੂੰ ਸਾਰਾ ਕੁਝ ਦੱਸ ਕੇ ਭੇਜਿਆ ਗਿਆ ਸੀ, ਕਿ ਉਨ੍ਹਾਂ ਦੇ ਲੜਕੇ ਲਖਵਿੰਦਰ ਸਿੰਘ ਨੂੰ ਘਰੇਲੂ ਵੰਡ ਵਿੱਚੋਂ ਪੌਣੇ ਦੋ ਕਿੱਲੇ ਜ਼ਮੀਨ ਆਉਂਦੀ ਹੈ। ਪਰਿਵਾਰ ਨੇ ਦੱਸਿਆ ਕਿ ਵਿਚੋਲੇ ਵੱਲੋਂ ਲੜਕੀ ਦੇ ਪਰਿਵਾਰ ਨੂੰ ਇਹ ਝੂਠ ਮਾਰਿਆ ਕਿ ਲੜਕੇ ਨੂੰ ਸਾਢੇ ਸੱਤ ਕਿੱਲੇ ਜ਼ਮੀਨ ਆਉਂਦੀ ਹੈ। ਜਿਸ ਤੋਂ ਬਾਅਦ ਲੜਕੀ ਵਾਲਿਆਂ ਨੇ ਸਾਡੇ ਤੋਂ ਪੁੱਛਿਆ ਤਾਂ ਅਸੀਂ ਲੜਕੀ ਵਾਲਿਆਂ ਨੂੰ ਸਾਫ਼ ਸਭ ਕੁਝ ਦੱਸ ਦਿੱਤਾ।
ਜਿਸ ਤੋਂ ਬਾਅਦ ਲੜਕੀ ਵਾਲੇ ਇਸ ਦੇ ਵਿਆਹ ਨੂੰ ਰਾਜ਼ੀ ਹੋ ਗਏ ਅਤੇ ਹੁਣ ਜਦ ਵਿਆਹ ਵਿੱਚ ਚਾਰ ਦਿਨ ਦੇ ਕਰੀਬ ਰਹਿ ਗਏ ਹਨ ਤਾਂ ਲੜਕੀ ਵਾਲਿਆਂ ਨੇ ਵਿਆਹ ਕਰਨ ਤੋਂ ਜਵਾਬ ਦੇ ਦਿੱਤਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਵਿਆਹ ਦੇ ਕਾਰਡ ਵੀ ਸਾਰੇ ਰਿਸ਼ਤੇਦਾਰਾਂ ਅਤੇ ਭੈਣ ਭਰਾਵਾਂ ਨੂੰ ਵੰਡ ਦਿੱਤੇ ਗਏ ਸਨ ਅਤੇ ਇਸੇ ਗੱਲ ਨੂੰ ਲੈ ਕੇ ਲਖਵਿੰਦਰ ਸਿੰਘ ਕਾਫ਼ੀ ਪਰੇਸ਼ਾਨੀ ਦੇ ਵਿੱਚ ਸੀ, ਜਿਸ ਕਰਕੇ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਿਖਤੀ ਪੁਲਿਸ ਚੌਂਕੀ (Police station) ਵਿਖੇ ਦਰਖਾਸਤ ਵੀ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ (The body was taken into custody and sent for autopsy) ਗਿਆ, ਪਰ ਪੁਲਿਸ ਪ੍ਰਸ਼ਾਸਨ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਹੀ ਦਬਾ ਰਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਪੁਲਿਸ ਚੌਂਕੀ ਘਰਿਆਲਾ ਦੇ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਉਧਰ ਜਦ ਇਸ ਸਬੰਧੀ ਪੁਲਿਸ ਚੌਂਕੀ ਘਰਿਆਲਾ ਦੇ ਇੰਚਾਰਜ (In-charge of Ghariala police station) ਐੱਸ.ਆਈ. ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਸੱਚ ਸਾਹਮਣੇ ਆਵੇਗਾ ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਜੇਲ੍ਹਾਂ ਵਿੱਚੋਂ ਲਗਾਤਾਰ ਮਿਲ ਰਹੇ ਨੇ ਮੋਬਾਇਲ, ਹੁਣ ਫਰੀਦਕੋਟ ਦੀ ਜੇਲ੍ਹ ‘ਚੋਂ 8 ਫੋਨ ਬਰਾਮਦ