ਤਰਨਤਾਰਨ: ਸਰਹੱਦੀ ਜ਼ਿਲ੍ਹਾ ਤਰਨਤਾਰਨ ਦੀ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਕਟਾਈ ਤੋਂ ਲੈ ਕੇ ਵੇਚਣ ਤੱਕ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਸਰਹੱਦੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੀਡੀਓ ਕਾਨਫ਼ਰੰਸ ਰਾਹੀਂ ਡਿਪਟੀ ਕਮਿਸ਼ਨਰ ਕੋਲੋ ਜਾਣਕਾਰੀ ਲੈਂਦੇ ਹਨ, ਤਾਂ ਡੀਸੀ ਸਾਹਿਬ ਕਹਿ ਦਿੰਦੇ ਹਨ ਕਿ ਸਭ ਠੀਕ ਹੈ ਪਰ ਉਨ੍ਹਾਂ ਨੂੰ ਜ਼ਮੀਨੀ ਪੱਧਰ ਉੱਤੇ ਆ ਕੇ ਸਭ ਵੇਖਣ ਦੀ ਲੋੜ ਹੈ।
ਉੱਥੇ ਹੀ ਸਰਹੱਦੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆ ਦੇ ਕਿਸਾਨ ਇੰਟਰਨੈਸ਼ਨਲ ਬਾਰਡਰ ਤੋਂ ਪਾਰ ਆਪਣੀ ਜ਼ਮੀਨ ਕਿਸ ਤਰ੍ਹਾਂ ਸਾਂਭਦੇ ਹਨ, ਉਹੀ ਜਾਣਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਸਾਨੂੰ ਕਣਕ ਕਟਾਈ ਲਈ ਪੂਰਾ ਸਮਾਂ ਦੇਵੇ ਤੇ ਸਮੇਂ ਸਿਰ ਕਣਕ ਦੀ ਖ਼ਰੀਦ ਕਰੇ, ਤਾਂ ਜੋ ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝਲ ਰਿਹਾ ਹੈ, ਉਸ ਨੂੰ ਹੋਰ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਸਮੇਂ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੀ ਖੜ੍ਹੀ ਫਸਲ ਉੱਤੇ ਕੰਢਿਆਲੀ ਤਾਰ ਤੋਂ ਕੋਈ ਚੰਗਿਆੜੀ ਨਾ ਡਿਗੇ ਜਿਸ ਕਰਕੇ ਉਨ੍ਹਾਂ ਦਾ ਨੁਕਸਾਨ ਹੋਵੇ। ਉਨ੍ਹਾਂ ਨੇ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਹੱਦ ਖੇਤਰ ਵਿੱਚ ਇਸ ਮੁਸੀਬਤ ਤੋਂ ਨਜਿੱਠਣ ਲਈ ਦਮਕਲ ਗੱਡੀਆਂ ਦਾ ਪ੍ਰਬੰਧ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।
ਜਦਕਿ, ਇਸ ਬਾਰੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਅਤੇ ਅੰਤਰਰਾਸ਼ਟਰੀ ਬਾਰਡਰ ‘ਤੇ ਤਾਰੋਂ ਪਾਰ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਕਟਾਈ ਅਤੇ ਖਰੀਦ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਉਨ੍ਹਾਂ ਨੇ ਬੀਐਸਐਫ ਦੀ 14ਵੀਂ ਬਟਾਲੀਅਨ ਖੇਮਕਰਨ ਤੇ 71ਵੀਂ ਬਟਾਲੀਅਨ ਭਿੱਖੀਵਿੰਡ ਵਿਖੇ ਬਾਰਡਰ ਸਕਿਊਰਿਟੀ ਫੋਰਸ ਦੇ ਅਧਿਕਾਰੀਆਂ, ਆੜ੍ਹਤੀਆਂ ਐਸ਼ੋਸੀਏਸ਼ਨ ਨੇ ਨੁਮਾਇੰਦਿਆਂ ਅਤੇ ਸਬੰਧਤ ਮਾਰਕਿਟ ਕਮੇਟੀਆਂ ਦੇ ਚੇਅਰਮੈਨਾਂ ਨਾਲ ਵਿਸ਼ੇਸ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀ ਲਗਭਗ 108 ਕਿਲੋਮੀਟਰ ਹੱਦ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀ ਹੈ ਜਿਸ ਦੇ ਪਾਰ ਕਿਸਾਨਾਂ ਦੀ 4000 ਏਕੜ ਤੋਂ ਵੱਧ ਜ਼ਮੀਨ ਪੈਂਦੀ ਹੈ। ਉਨ੍ਹਾਂ ਕਿਹਾ ਤਾਰੋਂ ਪਾਰ ਕਿਸਾਨਾਂ ਨੂੰ ਕਣਕ ਦੀ ਕਟਾਈ ਕਰਨ ਅਤੇ ਖੇਤੀਬਾੜੀ ਦੇ ਹੋਰ ਕੰਮ ਕਰਨ ਲਈ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਕਣਕ ਦੀ ਕਟਾਈ ਕਰਨ ਤੇ ਫਸਲ ਨੂੰ ਮੰਡੀਆਂ ਵਿੱਚ ਲਿਆਉਣ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਐਸਐਫ਼ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਜਾ ਰਿਹਾ ਹੈ।
ਪ੍ਰਦੀਪ ਕੁਮਾਰ ਸਭਰਵਾਲ ਨੇ ਦੱਸਿਆ ਕਿ ਕਣਕ ਨੂੰ ਮੰਡੀ ਵਿੱਚ ਲਿਆਉਣ ਲਈ ਕਿਸਾਨਾਂ ਦੀ ਮੰਗ ਅਨੁਸਾਰ ਸਬੰਧਤ ਮਾਰਕਿਟ ਕਮੇਟੀਆਂ ਵੱਲੋਂ ਆੜ੍ਹਤੀਆਂ ਰਾਹੀਂ ਪਾਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਿਨਾਂ ਪਾਸ ਤੋਂ ਕਿਸੇ ਵੀ ਕਿਸਾਨ ਨੂੰ ਫਸਲ ਮੰਡੀ ਵਿੱਚ ਲਿਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜਿਨ੍ਹਾਂ ਕਿਸਾਨਾਂ ਦੀ ਫਸਲ ਤਿਆਰ ਹੈ, ਉਨ੍ਹਾਂ ਕਿਸਾਨਾਂ ਦੀ ਡਿਮਾਂਡ ਅਨੁਸਾਰ ਫਸਲ ਨੂੰ ਮੰਡੀ ਵਿੱਚ ਲਿਆਉਣ ਲਈ ਸਬੰਧਤ ਸੈਕਟਰੀ ਮਾਰਕਿਟ ਕਮੇਟੀਆਂ ਵੱਲੋਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਪਾਸ ਜਾਰੀ ਕੀਤੇ ਜਾ ਸਕਣ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਲਈ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ। ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ। ਫਸਲ ਦੇ ਮੰਡੀਕਰਨ ਵੇਲ੍ਹੇ ਕੋਵਿਡ-19 ਦੇ ਚੱਲਦੇ “ਸੋਸ਼ਲ ਡਿਸਟੈਸਿੰਗ” ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਮੰਡੀਆਂ ਵਿੱਚ ਮਾਸਕ, ਹੱਥ ਧੋਣ ਲਈ ਸਾਬਣ ਅਤੇ ਸੈਨੀਟਾਈਜ਼ਰ ਦਾ ਪੁਖਤਾ ਪ੍ਰਬੰਧ ਕਰਨ ਲਈ ਸਬੰਧਿਤ ਮਾਰਕੀਟ ਕਮੇਟੀਆਂ ਨੂੰ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਪਿਓ-ਪੁੱਤ ਦਾ ਅਨੋਖਾ ਕਾਰਨਾਮਾ, ਸਿਹਤ ਤੇ ਜੇਬ ਦਾ ਰੱਖੇਗਾ ਧਿਆਨ