ਤਰਨਤਾਰਨ: ਖੇਮਕਰਨ ਦੇ ਨੇੜਲੇ ਪਿੰਡ ਮਹਿੰਦੀਪੁਰ ਵਿਚ ਕਿਸਾਨ ਦੀ ਫ਼ਸਲ 'ਤੇ ਦਵਾਈ ਦਾ ਛਿੜਕਾਅ ਕਰਕੇ ਖ਼ਰਾਬ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਮਹਿੰਦੀਪੁਰ ਵਿਚ ਕਿਸਾਨ ਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਵਲੋਂ ਪਿੰਡ ਮਹਿੰਦੀਪੁਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਤੇ ਰਮਨਦੀਪ ਸਿੰਘ, ਜੋ ਦੋਵੇਂ ਆਪਸ ਵਿਚ ਭਰਾ ਹਨ, ਇਨ੍ਹਾਂ ਕੋਲੋ ਕਰੀਬ 6 ਏਕੜ ਜ਼ਮੀਨ ਖਰੀਦੀ ਸੀ ਜਿਸ ਦੇ ਉਨ੍ਹਾਂ ਕੋਲ ਸਾਰੇ ਕਾਗਜ਼ਾਤ ਹਨ। ਇੱਥੇ ਤੱਕ ਕਿ ਜਮਾਂਬੰਦੀ ਵੀ ਉਨ੍ਹਾਂ ਦੇ ਨਾਂਅ 'ਤੇ ਹੈ।
ਇਹ ਜ਼ਮੀਨ ਉਨ੍ਹਾਂ ਨੇ ਬਲਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਠੇਕੇ 'ਤੇ ਦਿੱਤੀ ਸੀ ਪਰ ਬੀਤੇ ਦਿਨੀਂ ਹਰਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੀ ਫ਼ਸਲ ਉੱਤੇ ਰਾਊਂਡ ਅੱਪ ਦਵਾਈ ਦਾ ਛਿੜਕਾਅ ਕਰਕੇ ਉਨ੍ਹਾਂ ਵਲੋਂ ਬੀਜੀ ਹੋਈ ਝੋਨੇ ਦੀ ਫਸਲ ਖ਼ਰਾਬ ਕਰ ਦਿੱਤੀ ਹੈ। ਇਸ ਸਬੰਧੀ ਉਨ੍ਹਾਂ ਨੇ ਖੇਮਕਰਨ ਦੇ ਥਾਣੇ ਵਿੱਚ ਸ਼ਿਕਾਇਤ ਕੀਤੀ।
ਇਸ ਮੌਕੇ ਠੇਕੇ 'ਤੇ ਜ਼ਮੀਨ ਲੈਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਸਲ ਬੀਜ ਕੇ ਪਾਲ ਕੇ ਤਿਆਰ ਕੀਤੀ ਪਰ ਪਿੰਡ ਦੇ ਕੁਝ ਲੋਕਾਂ ਨੇ ਉਨ੍ਹਾਂ ਦੀ ਫ਼ਸਲ ਖ਼ਰਾਬ ਕਰ ਦਿੱਤੀ ਹੈ, ਜਿਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਦੂਜੀ ਧਿਰ ਦੇ ਰਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੇ ਸਵਿੰਦਰ ਸਿੰਘ ਅਤੇ ਜੈਮਲ ਸਿੰਘ ਕੋਲੋਂ 2015 ਵਿਚ ਇਹ ਜ਼ਮੀਨ ਠੇਕੇ 'ਤੇ ਦਿੱਤੀ ਸੀ ਜਿਨ੍ਹਾਂ ਨੇ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਤਾਂ ਦੂਜੀ ਧਿਰ ਜ਼ਮੀਨ ਉੱਤੇ ਆਪਣੀ ਮਾਲਕੀ ਦੱਸ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੁਝ ਪੈਸਿਆਂ ਦਾ ਦੇਣ ਲੈਣ ਸੀ ਜਿਸ ਕਰਕੇ ਉਨ੍ਹਾਂ ਕੁਝ ਪੇਪਰਾਂ ਦੇ ਉਨ੍ਹਾਂ ਕੋਲੋਂ ਦਸਤਖ਼ਤ ਕਰਵਾ ਕੇ ਜ਼ਮੀਨ ਆਪਣੇ ਨਾਂਅ ਕਰਵਾ ਲਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵੀ ਦਰਖ਼ਾਸਤਾਂ ਦਿੱਤੀਆਂ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਜੋ ਫ਼ਸਲ ਖ਼ਰਾਬ ਹੋਈ ਹੈ ਉਹ ਵੀ ਇਨ੍ਹਾਂ ਖੁਦ ਖ਼ਰਾਬ ਕੀਤੀ ਹੈ। ਇਸ ਸਬੰਧੀ ਐੱਸਐੱਚਓ ਤਰਸੇਮ ਮਸੀਹ ਨੇ ਦਸਿਆ ਕਿ ਉਹ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਹਨ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਜਾ ਰਿਹਾ ਹੈ।