ਤਰਨਤਾਰਨ: 3 ਸਤੰਬਰ ਨੂੰ ਪਿੰਡ ਬਾਹਮਣੀਵਾਲਾ ਵਿੱਚ ਖੇਤਾਂ ਵਿੱਚ ਕੰਮ ਕਰਦੇ ਕਿਸਾਨ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਨੂੰ ਕਰੀਬ ਇੱਕ ਮਹੀਨਾ ਹੋਣ ਵਾਲਾ ਹੈ ਪਰ ਪੀੜਤ ਅਤੇ ਉਸ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਅਜੇ ਤਕ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜਿਆ ਨਹੀਂ ਗਿਆ ਹੈ। ਪੀੜਤ ਕਿਸਨਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸਿਆਸੀ ਦਬਾਅ ਕਾਰਨ ਵੀ ਪੁਲਿਸ ਮੁਲਜ਼ਮਾਂ ਨੂੰ ਨਹੀਂ ਫੜ੍ਹ ਰਹੀ।
ਘਟਨਾ ਬਾਰੇ ਦੱਸਦਿਆਂ ਪੀੜਤ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਪੁੱਤ ਕਰਨਬੀਰ ਸਿੰਘ ਖੇਤਾਂ 'ਚ ਕੰਮ ਕਰ ਰਹੇ ਸਨ ਅਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਗੋਲੀ ਮਾਰੀ ਅਤੇ ਜਦੋਂ ਸੁਰਜੀਤ ਸਿੰਘ ਆਪਣੇ ਪੁੱਤ ਨੂੰ ਬਚਾਉਣ ਲੱਗਾ ਤਾਂ ਮੁਲਜ਼ਮਾਂ ਨੇ ਸੁਰਜੀਤ ਦੇ ਦੂਜੀ ਗੋਲੀ ਵੀ ਮਾਰੀ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪੁਲਿਸ ਨੇ ਇਸ ਸਬੰਧੀ ਮਾਮਲਾ ਵੀ ਦੇਰੀ ਨਾਲ ਦਰਜ ਕੀਤਾ ਹੈ ਪਰ ਹੁਣ ਇੱਸ ਘਟਨਾ ਨੂੰ ਇੱਕ ਮਹੀਨਾ ਪੂਰਾ ਹੋਣ ਵਾਲਾ ਹੈ ਪਰ ਅਜੇ ਤਕ ਪੁਲਿਸ ਮੁਲਜਮਾਂ ਤਕ ਆਪਣੀ ਪਹੁੰਚ ਨਹੀਂ ਬਣਾ ਸਕੀ।
ਪੁੱਤਰ ਕਰਨਬੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਜਿਸ ਕਾਰਨ ਉਹ ਖੇਤ ਨਹੀਂ ਜਾ ਰਹੇ ਅਤੇ ਉਨ੍ਹਾਂ ਦੀ ਖੇਤਾਂ ਦੀ ਫਸਲ ਖ਼ਰਾਬ ਹੋ ਰਹੀ ਹੈ। ਕਰਨਬੀਰ ਦਾ ਕਹਿਣਾ ਹੈ ਕਿ ਪਹਿਲਾਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਦਿੱਤੀ ਸੀ ਪਰ ਹੁਣ ਉਹ ਮੁਲਜ਼ਮ ਵੀ ਫਰਾਰ ਹਨ ਅਤੇ ਬੇਖੌਫ ਘੁੰਮ ਰਹੇ ਹਨ।
ਦੂਜੇ ਪਾਸੇ ਡੀਐਸਪੀ ਕੁਲਜਿੰਦਰ ਸਿੰਘ ਨੇ ਦੋਸ਼ੀਆਂ ਨੂੰ ਫੜੇ ਜਾਣ ਅਤੇ ਕੋਈ ਸਿਆਸੀ ਦਬਾਅ ਹੋਣ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕਰ ਮੁਲਜ਼ਮਾਂ ਨੂੰ ਫੜਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਅਜੇ ਮੁਲਜ਼ਮ ਫਰਾਰ ਹਨ ਅਤੇ ਉਨ੍ਹਾਂ ਦੇ ਘਰ ਤਾਲਾ ਲੱਗਾ ਹੋਇਆ ਹੈ। ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਤਿੰਨ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਪਰਿਵਾਰ ਨੇ ਜਲਦ ਤੋਂ ਜਲਦ ਕਾਰਵਾਈ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਪੰਜਾਬ 'ਚ ਅਜਿਹੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਦੁਜੇ ਪਾਸੇ ਅਜਿਹੀਆਂ ਘਟਨਾਵਾਂ ਸਮਾਜ 'ਚ ਲਗਾਤਾਰ ਲੋਕਾਂ ਦੇ ਡਿੱਗਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਦਰਸ਼ਾਉਂਦੀਆਂ ਹਨ।