ਤਰਨਤਾਰਨ : ਇਥੋਂ ਦੇ ਇੱਕ 40 ਸਾਲਾ ਵਿਅਕਤੀ ਦੀ ਨਸ਼ੇ ਦੇ ਟੀਕੇ ਦੀ ਵਾਧੂ ਮਾਤਰਾ ਕਾਰਨ ਮੌਤ ਹੋ ਗਈ ਹੈ। ਪਿੰਡ ਜੀਉਬਾਲਾ ਦੇ ਰਹਿਣ ਵਾਲਾ ਸੁਖਵਿੰਦਰ ਸਿੰਘ ਕੋਲ ਕਰਿਆਨੇ ਦੀ ਦੁਕਾਨ ਸੀ।
ਸੁਖਵਿੰਦਰ ਸਿੰਘ ਦੀ ਮੌਤ 24 ਮਾਰਚ ਨੂੰ ਹੋਈ ਸੀ ਪਰ ਪਰਿਵਾਰ ਵਾਲਿਆਂ ਨੇ ਇਸ ਦੀ ਜਾਣਕਾਰੀ ਪੁਲਿਸ ਵਾਲਿਆਂ ਨੂੰ ਦੇਰੀ ਨਾਲ ਦਿੱਤੀ। ਪਰਿਵਾਰ ਨੇ ਹੁਣ ਨਸ਼ੇ ਦੇ ਵਪਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋ ਪਹਿਲਾਂ ਗੁੱਟਕਾ ਸਾਹਿਬ ਹੱਥ ਵਿੱਚ ਫੜ ਕੇ ਪੰਜਾਬ ਅੰਦਰੋਂ ਚਾਰ ਹਫ਼ਤਿਆਂ ਦੇ ਵਿੱਚ-ਵਿੱਚ ਨਸ਼ਾ ਬੰਦ ਕਰਨ ਦੀ ਸਹੁੰ ਖਾਧੀ ਸੀ ਪਰ ਚਾਰ ਹਫਤੇ ਤਾਂ ਦੂਰ ਦੀ ਗੱਲ ਰਹੀ ਕਰੀਬ ਦੋ ਸਾਲ ਤੋ ਵੱਧ ਬੀਤ ਜਾਣ ਦੇ ਬਾਵਜੂਦ ਨਸ਼ਾ ਸੂਬੇ ਵਿੱਚ ਵਿੱਕ ਰਹੇ ਹਨ ਅਤੇ ਨਸ਼ਿਆਂ ਦਾ ਸੇਵਨ ਕਰ ਰਹੇ ਨੌਜਵਾਨ ਰੋਜ਼ਾਨਾ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਵਾਰਸਾਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ।
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਜਾਂਚ ਅਧਿਕਾਰੀ ਗੁਰਵੇਲ ਸਿੰਘ ਨੇ ਦੱਸਿਆ ਕਿ ਵਿੱਕੀ ਅਤੇ ਸੁਖਰਾਜ ਸਿੰਘ ਨਾਂ ਦੇ ਦੋ ਵਿਅਕਤੀਆਂ ਨੂੰ ਜੋ ਪਿੰਡ ਜੀਉਬਾਲਾ ਦੇ ਹੀ ਵਾਸੀ ਹਨ, ਵਿਰੁੱਧ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ