ਤਰਨ-ਤਾਰਨ: ਨਾਂਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂਆ ਨੂੰ ਤਰਨਤਾਰਨ ਦੇ ਵੱਖ-ਵੱਖ ਸਥਾਨਾਂ 'ਤੇ ਕੁਆਰੰਟੀਨ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨਾਲ ਰਾਬਤਾ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਮਗਰੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਸ਼ਰਧਾਲੂਆਂ ਦੇ ਕੁਆਰੰਟੀਨ ਸਥਾਨਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਨਾਲ ਰਾਬਤਾ ਕੀਤਾ।
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਨਾਂਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਨ੍ਹਾਂ ਦਾ ਤਰਨਤਾਰਨ ਦੇ ਵਿੱਚ ਕੁਆਰੰਟੀਨ ਸਥਾਨ ਕੇਂਦਰ ਮਾਈ ਭਾਗੋ ਨਰਸਿੰਗ ਕਾਲਜ, ਮਮਤਾ ਨਿਕੇਤਨ ਪਬਲਿਕ ਸਕੂਲ, ਗੂਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ, ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ ਹੋਸਟਲ ਪੱਟੀ, ਕਸਤੂਰਬਾ ਗਾਂਧੀ ਗਰਲਜ਼ ਹੋਸਟਲ ਵਲਟੋਹਾ, ਬੀਬੀ ਅਮਰੋ ਗਰਲਜ਼ ਐਂਡ ਬੁਆਏਜ਼ ਹੋਸਟਲ ਖਡੂਰ ਸਾਹਿਬ ਆਦਿ ਸਥਾਨ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੌਰੇ ਦੇ ਵਿੱਚ ਸ਼ਰਧਾਲੂਆਂ ਨਾਲ ਰਾਬਤਾ ਕਰ ਉਨ੍ਹਾਂ ਦਾ ਹਾਲ ਚਾਲ ਜਾਣਿਆ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ। ਉਨ੍ਹਾਂ ਨੇ ਕਿਹਾ ਕਿ ਕੁਆਰੰਟੀਨ ਹੋਏ ਸ਼ਰਧਾਲੂਆਂ ਵੱਲੋਂ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:ਗੁਰਦਾਸਪੁਰ 'ਚ ਨਾਂਦੇੜ ਸਾਹਿਬ ਤੋਂ ਪਰਤੇ 598 ਸ਼ਰਧਾਲੂ
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਬਣਾਏ ਗਏ ਕੁਆਰੰਟੀਨ ਕੇਂਦਰਾਂ ਵਿੱਚ ਰਹਿ ਰਹੇ ਵਿਅਕਤੀਆਂ ਦੀਆਂ ਸਹੂਲਤਾਂ ਲਈ ਹਰ ਤਰ੍ਹਾਂ ਦੇ ਪੁੱਖਤੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੇ ਲਈ ਸਮੇਂ-ਸਿਰ ਖਾਣਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕੁਆਰੰਟੀਨ ਕੇਂਦਰਾਂ ਵਿੱਚ ਸਾਫ਼-ਸਫ਼ਾਈ ਤੇ ਸੈਨੇਟਾਈਜ਼ੇਸ਼ਨ ਦਾ ਵੀ ਖ਼ਾਸ ਇੰਤਜ਼ਾਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੁਆਰੰਟੀਨ ਸਥਾਨਾਂ ਦੇ 'ਤੇ ਮੈਡੀਕਲ ਟੀਮਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ।