ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਝਾਮਕਾ ਕਲਾਂ ਦੇ ਕੋਲੋਂ ਲੰਘਦੇ ਕਸੂਰ ਨਾਲੇ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕਸੂਰ ਨਾਲੇ ਵਿੱਚ ਪਾਣੀ ਪੱਧਰ ਵੱਧਣ ਦੇ ਨਾਲ ਹੀ ਪਿੰਡ ਝਾਮਕਾ ਕਲਾਂ ਦੇ ਕੋਲੋਂ ਨਾਲੇ ਵਿੱਚ ਪਾੜ ਪੈ ਗਿਆ ਤੇ ਪਾਣੀ ਪਿੰਡ ਵੱਲ ਜਾ ਵੜਿਆ, ਜਿਸ ਕਾਰਨ ਜਿਥੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਉਸ ਦੇ ਨਾਲ ਹੀ ਪਿੰਡ ਵਿੱਚ ਕਈ ਘਰ ਵੀ ਪਾਣੀ ਵਿਚ ਡੁੱਬ ਗਏ। ਪਿੰਡ ਝਾਮਕਾ ਕਲਾਂ ਦੇ ਵਸਨੀਕਾਂ ਵੱਲੋਂ ਆਪਣੇ ਪੱਧਰ ਉਤੇ ਪਾਣੀ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਕਸੂਰ ਨਾਲੇ ਵਿੱਚ ਪਿਆ ਪਾੜ ਜ਼ਿਆਦਾ ਹੋਣ ਕਰਕੇ ਪਿੰਡ ਦੇ ਵਸਨੀਕ ਅਸਮਰੱਥ ਦਿਖਾਈ ਦੇ ਰਹੇ ਸਨ ਤੇ ਆਪਣੇ ਘਰਾਂ ਨੂੰ ਡੁੱਬਦਾ ਹੋਇਆ ਵੇਖ ਰਹੇ ਸਨ।
ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਖਾਨਾਪੂਰਤੀ : ਇਸ ਦੌਰਾਨ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ 7 ਜੁਲਾਈ ਨੂੰ ਵੀ ਉਨ੍ਹਾਂ ਦੇ ਪਿੰਡ ਵਿੱਚ ਪਾਣਾ ਆ ਵੜਿਆ ਸੀ। ਉਸ ਸਮੇਂ ਅਸੀਂ 10 ਤਰੀਕ ਤਕ ਨਹਿਰੀ ਮਹਿਕਮਾ, ਐਸਡੀਐਮ ਸਭ ਤਕ ਪਹੁੰਚ ਕੀਤੀ, ਪਰ ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜੀ। 10 ਜੁਲਾਈ ਨੂੰ ਅਸੀਂ ਡਿਪਟੀ ਕਮਿਸ਼ਨਰ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਐਸਡੀਐਮ ਇਥੇ ਦੌਰਾ ਕਰ ਕੇ ਗਏ ਤੇ ਪਿੰਡ ਵਾਸੀਆਂ ਨੂੰ ਸਿਰਫ ਲਾਰੇ ਹੀ ਲਾ ਕੇ ਗਏ। ਖਾਨਾਪੂਰਤੀ ਲਈ ਬੱਸ ਇਥੇ ਜੇਸੀਬੀ ਭੇਜੀ ਗਈ ਹੈ।
- ਸੀਐਮ ਮਾਨ ਦੀ ਸਿਵਲ ਸਕੱਤਰੇਕ ਵਿੱਚ ਮੀਟਿੰਗ, ਸਰਕਾਰੀ ਸਕੂਲਾਂ ਵਿੱਚ ਮੁਫ਼ਤ ਬੱਸ ਸੇਵਾ ਬਾਰੇ ਚਰਚਾ
- ਖੰਨਾ 'ਚ ਹਾਈਵੇਅ 'ਤੇ ਤੜਫ਼ਦੇ ਨੌਜਵਾਨ ਦੀ ਨਵਜੋਤ ਸਿੱਧੂ ਨੇ ਬਚਾਈ ਜਾਨ, ਆਪਣੀ ਜਿਪਸੀ 'ਚ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ
- ਮੀਂਹ ਤੋਂ ਬਾਅਦ ਬਿਆਸ ਦਰਿਆ ਵਿੱਚ ਵਧਿਆ ਪਾਣੀ ਦਾ ਪੱਧਰ, ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਣ ਦਾ ਖਦਸ਼ਾ
300 ਏਕੜ ਫਸਲ ਖਰਾਬ : ਅੱਜ ਮੁੜ ਪਿੰਡ ਵਿੱਚ ਨਾਲੇ ਵਿੱਚ 2 ਕਿੱਲੇ ਦਾ ਪਾੜ ਪੈ ਗਿਆ ਹੈ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਨਹਿਰੀ ਮਹਿਕਮੇ ਦੇ ਐਕਸੀਅਨ ਆਏ ਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਪਹਿਲਾਂ ਵੀ 10 ਤਰੀਕ ਨੂੰ ਪਾਣੀ ਸਬੰਦੀ ਸ਼ਿਕਾਇਤ ਕੀਤੀ ਗਈ ਸੀ, ਤਾਂ ਉਨ੍ਹਾਂ ਅੱਗਿਓਂ ਕਿਹਾ ਕਿ ਉਨ੍ਹਾਂ ਦੀ ਪੋਸਟਿੰਗ ਹੁਣੇ ਹੋਈ ਹੈ। ਪਿੰਡ ਵਾਸੀਆਂ ਨੇ ਇਸ ਸਮੇਂ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਖਰਾਬ ਹੋਈਆਂ 2 ਤੋਂ 300 ਏਕੜ ਫਸਲ ਦੀ ਮੁਆਵਜ਼ਾ ਦਿੱਤਾ ਜਾਵੇ।
ਪ੍ਰਸ਼ਾਸਨ ਨੇ ਸਾਨੂੰ ਸਿਰਫ ਲੌਲੀਪਾਪ ਦਿੱਤਾ : ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਿੱਚਲੇ ਕਸੂਰ ਨਾਲੇ ਵਿੱਚ ਦਰਿਆ ਦਾ ਪਾਣੀ ਛੱਡਿਆ ਗਿਆ ਹੈ, ਜਿਸ ਦੀ 70 ਸਾਲਾਂ ਤੋਂ ਸਫਾਈ ਨਹੀਂ ਹੋਈ, ਜਿਸ ਕਾਰਨ ਇਸ ਵਿੱਚ ਪਾੜ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਸਿਰਫ ਲੌਲੀਪਾਪ ਦਿੱਤਾ ਗਿਆ ਹੈ ਤੇ ਅੱਜ ਮੁੜ ਸਾਡਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਸਰਕਾਰੀ ਜਾਂ ਪ੍ਰਸ਼ਾਸਨਿਕ ਨੁਮਾਇੰਦਾ ਸਾਡੀ ਬਾਤ ਨਹੀਂ ਪੁੱਛਣ ਆਇਆ।