ਤਰਨ ਤਾਰਨ: ਦੇਸ਼ ਵਿੱਚ ਗ਼ਰੀਬੀ ਇੱਕ ਭਿਆਨਕ ਸਰਾਪ ਬਣਦੀ ਜਾ ਰਹੀ ਹੈ ਕਿ ਇਨਸਾਨ ਗ਼ਰੀਬੀ ਕਾਰਨ ਪਲ-ਪਲ ਮਰਦਾ ਹੈ। ਅਜਿਹਾ ਹੀ ਇੱਕ ਭਿਆਨਕ ਮੰਜ਼ਰ ਵੇਖਣ ਨੂੰ ਮਿਲਿਆ ਪੱਟੀ ਹਲਕੇ ਦੇ ਪਿੰਡ ਤੁੰਗ ਵਿਖੇ, ਜਿੱਥੇ ਇੱਕ ਗ਼ਰੀਬ ਪਰਿਵਾਰ ਦਾ ਮੁਖੀ ਇਲਾਜ ਦੀ ਤੋਟ ਕਾਰਨ ਘਰ ਵਿੱਚ ਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਪਰ ਉਸ ਦੀ ਸਾਰ ਲੈਣ ਵਾਲਾ ਕੋਈ ਵੀ ਦਿਖਾਈ ਨਹੀਂ ਦਿੰਦਾ।
ਜਦੋਂ ਪੱਤਰਕਾਰਾਂ ਦੀ ਟੀਮ ਇਸ ਘਰ ਵਿੱਚ ਪਹੁੰਚੀ ਤਾਂ ਘਰ ਦੇ ਹਾਲਾਤ ਵੇਖ ਕੇ ਸਭ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਮੰਜੇ 'ਤੇ ਪਿਆ ਘਰ ਦਾ ਮੁਖੀ ਬਲਦੇਵ ਸਿੰਘ ਪੁੱਤਰ ਦਲੀਪ ਸਿੰਘ ਜਿਸ ਦੇ ਸਿਰ ਵਿੱਚ ਹਾਦਸੇ ਦੌਰਾਨ ਸੱਟ ਲੱਗ ਗਈ ਸੀ ਅਤੇ ਸੱਟ ਲੱਗਣ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ ਘਰ ਦੀ ਇੱਕ ਨੁੱਕਰ ਵਿੱਚ ਮੰਜੇ 'ਤੇ ਪਿਆ ਹੋਇਆ ਸੀ।
ਜਦੋਂ ਇਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਬਲਦੇਵ ਸਿੰਘ ਦੀ ਪਤਨੀ ਸੱਤੋ ਨੇ ਦੱਸਿਆ ਕਿ ਉਸ ਦੀਆਂ 2 ਧੀਆਂ ਤੇ ਇੱਕ ਪੁੱਤਰ ਹੈ ਅਤੇ ਉਸ ਦਾ ਪਤੀ ਹਰ ਰੋਜ਼ ਦਿਹਾੜੀ ਦੱਪਾ ਕਰਕੇ ਘਰ ਚਲਾਉਂਦਾ ਸੀ। ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਤੁਰਿਆ ਜਾ ਰਿਹਾ ਸੀ ਪਰ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਕਿਸੇ ਜ਼ਿੰਮੀਦਾਰ ਨਾਲ ਦਿਹਾੜੀ 'ਤੇ ਗਿਆ ਹੋਇਆ ਸੀ ਅਤੇ ਵਲਟੋਹਾ ਤੋਂ ਇੱਟਾਂ ਭਰ ਕੇ ਉਹ ਘਰ ਨੂੰ ਵਾਪਸ ਆ ਰਹੇ ਸਨ ਤਾਂ ਪੱਟੀ ਮੋੜ ਦੇ ਨੇੜੇ ਉਨ੍ਹਾਂ ਦੀ ਟਰੈਕਟਰ ਟਰਾਲੀ ਵਿੱਚ ਨੋਵਾ ਗੱਡੀ ਵੱਜ ਗਈ। ਜਿਸ ਕਾਰਨ ਉਹ ਟਰੈਕਟਰ ਟਰਾਲੀ ਪਲਟ ਗਿਆ ਅਤੇ ਉਸ ਦਾ ਪਤੀ ਬਲਦੇਵ ਸਿੰਘ ਟਰੈਕਟਰ ਦੇ ਥੱਲੇ ਆ ਗਿਆ। ਜਿਸ ਕਾਰਨ ਉਸ ਦੇ ਸਿਰ ਵਿੱਚ ਅਤੇ ਉਸ ਦੀਆਂ ਪਸਲੀਆਂ ਟੁੱਟ ਗਈਆਂ, ਹਾਲਤ ਨੂੰ ਗੰਭੀਰ ਵੇਖਦੇ ਹੋਏ ਉਸ ਦੇ ਪਤੀ ਨੂੰ ਟਰੈਕਟਰ ਟਰਾਲੀ ਮਾਲਕ ਅਤੇ ਪੁਲਿਸ ਵਾਲਿਆਂ ਨੇ ਪੱਟੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਅਤੇ ਆਪ ਮੌਕੇ ਤੋਂ ਚਲੇ ਗਏ।
ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਕਿ ਉਸ ਦੇ ਪਤੀ ਦੀ ਹਾਲਤ ਕਾਫ਼ੀ ਗੰਭੀਰ ਹੈ ਤਾਂ ਉਸ ਦੇ ਘਰ ਵਿੱਚ ਜੋ ਕੁਝ ਹੈਗਾ ਸੀ ਉਨ੍ਹਾਂ ਨੇ ਉਸ ਨੂੰ ਵੇਚ ਕੇ ਇਸ ਦਾ ਇਲਾਜ ਕਰਵਾਇਆ ਪਰ ਡਾਕਟਰਾਂ ਨੇ ਇਸ ਦੇ ਸਿਰ ਵਿੱਚ ਅਤੇ ਪਸਲੀਆਂ ਦੀ ਸੱਟ ਹੋਣ ਕਰਕੇ ਇਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਕੋਲ ਕੋਈ ਪੈਸਾ ਨਾ ਹੋਣ ਕਾਰਨ ਉਨ੍ਹਾਂ ਨੇ ਬਲਦੇਵ ਸਿੰਘ ਨੂੰ ਆਪਣੇ ਘਰ ਵਾਪਸ ਲੈ ਆਏ ਅਤੇ ਉਹ ਉਸ ਜ਼ਿੰਮੀਂਦਾਰ ਕੋਲ ਗਏ। ਜਿਸ ਨਾਲ ਉਸ ਦਾ ਪਤੀ ਦਿਹਾੜੀ 'ਤੇ ਲੱਗਿਆ ਹੋਇਆ ਸੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਹੁਣ ਇਲਾਜ ਨਾ ਹੋਣ ਕਾਰਨ ਉਸ ਦਾ ਪਤੀ ਘਰ ਵਿੱਚ ਹੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਪੀੜਤ ਪਰਿਵਾਰ ਨੇ ਸਮਾਜ ਸੇਵੀ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੁਝ ਵੀ ਨਹੀਂ ਚਾਹੀਦਾ, ਸਿਰਫ ਉਹ ਬਲਦੇਵ ਸਿੰਘ ਦਾ ਇਲਾਜ ਕਰਵਾ ਦੇਣ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਰਹੇ। ਜੇਕਰ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਪੀੜਤ ਪਰਿਵਾਰ ਦਾ ਮੋਬਾਈਲ ਨੰਬਰ 8264483050 ਹੈ।