ਤਰਨਤਾਰਨ: ਤਰਨਤਾਰਨ ਰੇਲਵੇ ਰੋਡ ਉਪਰ ਅੰਸ਼ਦੀਪ ਜਿਊਲਰ ਦੀ ਦੁਕਾਨ ਤੇ ਅੱਜ ਦਿਨ ਦਿਹਾੜੇ 2 ਮੋਟਰਸਾਈਕਲ ਸਵਾਰ 4 ਵਿਅਕਤੀਆਂ ਵੱਲੋਂ ਪਿਸਤੌਲ ਵਿਖਾ ਕੇ ਦੁਕਾਨ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗਿਓਂ ਦੁਕਾਨਦਾਰ ਨੇ ਦਲੇਰੀ ਨਾਲ ਇਨ੍ਹਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ, ਜਦੋਂ ਲੁਟੇਰੇ ਆਪਣੇ ਮਨਸੂਬੇ 'ਚ ਕਾਮਯਾਬ ਨਹੀਂ ਹੁੰਦੇ ਦਿਖਾਈ ਦਿੱਤੇ ਤਾਂ ਉਹ ਆਪਣੇ ਬਿਨ੍ਹਾਂ ਨੰਬਰੀ ਮੋਟਰਸਾਈਕਲ ਅਤੇ ਇਕ ਐਨਕ ਉੱਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਰਸ਼ਦੀਪ ਜਿਊਲਰ ਦੇ ਮਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਦੁਕਾਨ ਤੇ ਇਕ ਵਿਅਕਤੀ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਉਸ ਨੇ ਗਹਿਣੇ ਬਣਵਾਉਣੇ ਹਨ ਅਤੇ ਕੋਈ ਸੈਂਪਲ ਵਖਾਓ ਤਾਂ ਮੈਂ ਅੱਗਿਓਂ ਕਿਹਾ ਕਿ ਸੋਨੇ ਦਾ ਹਰ ਕੋਈ ਸਾਮਾਨ ਆਰਡਰ ਤੇ ਬਣਦਾ ਹੈ।
ਇਸ ਤੋਂ ਬਾਅਦ ਉਕਤ ਲੁਟੇਰੇ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਲਿਆ ਅਤੇ ਦੁਕਾਨ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਪੱਗ ਵੀ ਉਤਾਰ ਦਿੱਤੀ। ਜਿਸ ਤੋਂ ਬਾਅਦ ਹਿੰਮਤ ਨਾਲ ਉਸ ਦਾ ਮੁਕਾਬਲਾ ਕੀਤਾ ਤਾਂ ਲੁਟੇਰੇ ਨੇ ਭੱਜਦੇ ਸਮੇਂ ਉਸ ਦੀ ਦੁਕਾਨ ਉੱਤੇ ਗੋਲੀ ਚਲਾ ਦਿੱਤੀ।
ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬਚਾਅ ਲਈ ਲੁਟੇਰੇ ਤੇ ਹਵਾਈ ਫਾਇਰ ਵੀ ਕੀਤੇ। ਜਿਸ ਤੋਂ ਬਾਅਦ ਲੁਟੇਰੇ ਆਪਣਾ ਮੋਟਰਸਾਈਕਲ ਅਤੇ ਇਕ ਐਨਕ ਇੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਉਥੇ ਹੀ ਮੌਕੇ ਤੇ ਪਹੁੰਚੀ ਥਾਣਾ ਸਿਟੀ ਤਰਨਤਾਰਨ ਦੇ ਡਿਊਟੀ 3-4 ਵਿਪਨ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੁਲਿਸ ਵਿਭਾਗ ਨੇ ਵੈੱਬ ਪੋਰਟਲ ਕੀਤਾ ਲਾਂਚ, ਸਾਈਬਰ ਧੋਖਾਧੜੀ ਦੀ ਆਨਲਾਈਨ ਹੋ ਸਕੇਗੀ ਰਿਪੋਰਟ