ਤਰਨਤਾਰਨ : ਤਰਨ ਤਾਰਨ ਵਿਖੇ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਦਰਅਸਲ ਤਰਨ ਤਾਰਨ ਦੇ ਵਿੱਚ ਨੌਜਵਾਨਾਂ ਨੇ ਰਾਹ ਜਾਂਦੀ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪੈਦਰ ਜਾ ਰਹੀ ਮਹਿਲਾ ਦੂਰ ਜਾ ਕੇ ਡਿੱਗ ਗਈ ਤੇ ਬੇਹੋਸ਼ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਖਮੀ ਔਰਤ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ।
ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਪੜਤਾਲ: ਦੱਸ ਦਈਏ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਹੈ ਅਤੇ ਸਥਾਨਕ ਲੋਕਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਕਾਰ ਚਾਲਕ ਅਤੇ ਉਸ ਦੇ ਨਾਲ ਬੈਠੇ ਨੌਜਵਾਨ ਉੱਤੇ ਮਾਲਾ ਦਰਜ ਕਰ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਹਾਦਸੇ ਵਿੱਚ ਗੱਡੀ ਵੀ ਪੂਰੀ ਤਰ੍ਹਾਂ ਨਾਲ ਕੰਡਮ ਹੋ ਗਈ ਜੋ ਕਿ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲੈ ਲਈ ਹੈ। ਇਥੇ ਇੱਕ ਗੱਲ ਹੋਰ ਅਹਿਮ ਰਹੀ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਨਹੀਂ ਹੋਏ, ਬਲਕਿ ਉਹਨਾਂ ਵੱਲੋਂ ਲੋਕਾਂ ਦੀ ਮਦਦ ਨਾਲ ਪੀੜਤ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਕਿਹਾ ਨਹੀਂ ਜਾ ਸਕਦਾ ਕਿ ਇਹ ਘਟਨਾ ਅਣਗਹਿਲੀ ਸੀ ਜਾਂ ਹਾਦਸਾ।
ਔਰਤ ਦੇ ਪਤੀ ਨੇ ਕੀਤੀ ਇਨਸਾਫ ਦੀ ਮੰਗ : ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਮਹਿਲਾ ਦੇ ਪਤੀ ਜਸਪਾਲ ਕੁਮਾਰ ਨੇ ਦੱਸਿਆ ਕਿ ਮੇਰੀ ਪਤਨੀ ਜਰੂਰੀ ਕੰਮ ਵਾਸਤੇ ਬਾਹਰ ਗਈ ਸੀ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਜਿਸ ਵੇਲੇ ਘਰ ਨੂੰ ਵਾਪਿਸ ਆ ਰਹੀ ਸੀ ਕਿ ਉਸ ਨੂੰ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਉਹਨਾਂ ਦਾ ਕਹਿਣ ਹੈ ਕਿ ਫਿਲਹਾਲ ਜ਼ਖਮੀ ਪਤਨੀ ਦਾ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।