ਤਰਨ ਤਾਰਨ: ਪੰਜਾਬ ਚੋਣਾਂ ਦੌਰਾਨ ਸੂਬੇ ਵਿੱਚ ਵੱਡੀ ਘਟਨਾ ਵਾਪਰੀ ਹੈ। ਤਰਨ ਤਾਰਨ ਵਿੱਚ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਜ਼ਿਲ੍ਹੇ ਨੌਸ਼ਹਿਰਾ ਚ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਬੈਂਕ ਚ ਡਾਕਾ ਮਾਰਿਆ ਹੈ। ਮੋਟਰਸਾਇਕਲਾਂ ਤੇ ਸਵਾਰ ਅਣਪਛਾਤੇ ਲੁਟੇਰਿਆਂ ਨੇ ਐਚਡੀਐਫਸੀ ਬੈਂਕ ਚ ਦਾਖਲ ਹੋ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਭਾਵੇਂ ਕਿ ਸੂਬੇ ਅੰਦਰ ਚੋਣ ਜ਼ਾਬਤਾ ਲੱਗਾ ਹੋਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਫਲਾਇੰਗ ਮਾਰਚ ਕਰਕੇ ਕੋਈ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਦੀਆਂ ਇੰਨ੍ਹਾਂ ਸਖ਼ਤ ਪ੍ਰਬੰਧਾਂ ਦੀਆ ਉਦੋਂ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ ਜਦੋਂ ਦਿਨ ਦਿਹਾੜੇ ਤਿੰਨ ਮੋਟਰ ਸਾਈਕਲ ਸਵਾਰ ਵਿਅਕਤੀਆਂ ਨੇ ਨੌਸ਼ਹਿਰਾ ਪੰਨੂਆਂ ਦੇ ਐੱਚ ਡੀ ਐੱਫ ਸੀ ਬੈਂਕ ’ਤੇ ਧਾਵਾ ਬੋਲ ਦਿੱਤਾ । ਪੁਲਿਸ ਮੁਤਾਬਕ ਲੁਟੇਰੇ ਬੈਂਕ ਵਿੱਚੋਂ ਪੱਚੀ ਤੋਂ ਤੀਹ ਲੱਖ ਰੁਪਇਆ ਪਿਸਤੌਲ ਦੀ ਨੋਕ ’ਤੇ ਲੁੱਟ ਕੇ ਸ਼ਰ੍ਹੇਆਮ ਬਿਨਾਂ ਕਿਸੇ ਡਰ ਤੋਂ ਮੌਕੇ ਤੋਂ ਫਰਾਰ ਹੋ ਗਏ।
ਉਧਰ ਮੌਕੇ ’ਤੇ ਪਹੁੰਚੇ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਗੁਰਲੀਨ ਸਿੰਘ ਖੁਰਾਣਾ ਨੇ ਦੱਸਿਆ ਕਿ ਤਿੰਨ ਮੋਟਰਸਾਇਕਲ ਸਵਾਰ ਵਿਅਕਤੀ ਜੋ ਕਿ ਇੱਕ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੈਂਕ ਵਿੱਚ ਆਏ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਕੋਲ ਇੱਕ ਪਿਸਤੌਲ ਸੀ ਜਿਸ ਦੀ ਨੋਕ ’ਤੇ ਉਨ੍ਹਾਂ ਬੈਂਕ ਵਿੱਚੋਂ ਪੱਚੀ ਲੱਖ ਰੁਪਏ ਦੀ ਲੁੱਟ ਕੀਤੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਦੇ ਸਮੇਂ ਇਹ ਲੁਟੇਰੇ ਬੈਂਕ ਦੇ ਅਧਿਕਾਰੀਆਂ ਦੇ ਮੋਬਾਇਲ ਫੋਨ ਅਤੇ ਬੈਂਕ ਵਿੱਚ ਲੱਗਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ:ਬਲਬੀਰ ਸਿੱਧੂ ਦੇ ਭਰਾ ਅਤੇ ਮੁਹਾਲੀ ਦੇ ਮੇਅਰ ਜੀਤੀ ਸਿੱਧੂ ਦੇ ਘਰ ਚੋਣ ਕਮਿਸ਼ਨ ਦੀ ਰੇਡ