ਤਰਨ ਤਾਰਨ: ਸੂਬੇ ਵਿਚ ਨਸ਼ੇ ਦਾ ਬੋਲਬਾਲਾ ਹੈ, ਹਰ ਨੁੱਕੜ ਗਲੀ ਵਿਚ ਨਸ਼ੇ ਦੇ ਵਪਾਰੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਵਿਚ ਲੱਗੇ ਹੋਏ ਹਨ। ਜਿੰਨਾ ਉੱਤੇ ਠੱਲ੍ਹ ਪਾਉਣ ਲਈ ਪੁਲਿਸ ਵੱਲੋਂ ਤਾਂ ਕਾਰਵਾਈ ਕੀਤੇ ਜਾਣ ਦੀ ਗੱਲ ਅਕਸਰ ਹੀ ਸਾਹਮਣੇ ਆਉਂਦੀ ਹੈ ਅਤੇ ਨਾਲ ਹੀ ਪੁਲਿਸ ਵੱਲੋਂ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਵੀ ਕੀਤਾ ਜਾਂਦਾ ਹੈ। ਉਥੇ ਹੀ ਦੂਜੇ ਪਾਸੇ ਕੁਝ ਅਜਿਹੀਆਂ ਸੰਸਥਾਵਾਂ ਵੀ ਹਨ ਜੋ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਵਾਉਣ ਦੇ ਦਾਅਵੇ ਕਰਦੀਆਂ ਹਨ। ਉਥੇ ਹੀ ਵੀ ਹਨ ਜੋ ਇਸ ਨਸ਼ੇ ਦੇ ਜਾਲ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਵੀ ਨਵੇਂ ਨਵੇਂ ਨੁਸਖੇ ਅਪਣਾਏ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਦੇ ਹਲਕਾ ਪੱਟੀ ਤੋਂ,ਇਕ ਨਿੱਜੀ ਨਸ਼ਾ ਛੁਡਾਊ ਕੇਂਦਰ ਵੱਲੋਂ 190 ਰੁਪਏ ਦੀ ਗੁਲਾਬੀ ਗੋਲੀ ਦਾ ਪ੍ਰਚਾਰ ਜ਼ੋਰਾਂ ਸ਼ੋਰਾਂ 'ਤੇ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਗੋਲੀ ਦੇ ਨਾਲ ਨੌਜਵਾਨ ਨਸ਼ਾ ਛੱਡ ਦੇਣਗੇ।
ਨੌਜਵਾਨਾਂ ਲਈ ਘਾਤਕ ਹੈ ਗੁਲਾਬੀ ਗੋਲੀ : ਉਥੇ ਹੀ ਦੂਜੇ ਪਾਸੇ ਜਦ ਇਸ ਪ੍ਰਚਾਰ ਦਾ ਪਤਾ ਇਕ ਨਿਜੀ ਸਮਾਜ ਸੇਵੀ ਨੂੰ ਚਲਦਾ ਹੈ ਤਾਂ ਸੰਸਥਾ ਵੱਲੋਂ ਨੌਜਵਾਨਾਂ ਨਾਲ ਮਿਲ ਕੇ ਹਸਪਤਾਲ ਦੇ ਬਾਹਰ ਗੁਲਾਬੀ ਗੋਲੀ ਨੂੰ ਸ਼ਰੇਆਮ ਵੇਚਣ ਨੂੰ ਲੈ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਮੈਨੇਜਰ ਸੁਖਬੀਰ ਸਿੰਘ ਨੇ ਦੱਸਿਆ ਕਿ ਹਸਪਤਾਲ ਵੱਲੋਂ ਦਿੱਤੀ ਜਾ ਰਹੀ ਗੁਲਾਬੀ ਗੋਲੀ ਜੋ ਖੁਸ਼ਖਬਰੀ ਦੇ ਨਾਅ ਹੇਠ ਹੋਕਾ ਦਿੰਦਿਆਂ ਪ੍ਰਚਾਰੀ ਜਾ ਰਹੀ ਹੈ। ਉਹ ਨੌਜਵਾਨਾਂ ਲਈ ਘਾਤਕ ਸਾਬਿਤ ਹੋ ਸਕਦੀ ਹੈ। ਇਕ ਤਾਂ ਨੌਜਵਾਨ ਪਹਿਲਾਂ ਹੀ ਨਸ਼ਿਆਂ ਦੀ ਮਾਰ ਹੇਠ ਹਨ ਤੇ ਦੂਜਾ ਇਸ ਗੋਲੀ ਜ਼ਰੀਏ ਨੌਜਵਾਨਾਂ ਨੂੰ ਸ਼ਰੇਆਮ ਇਕ ਹੋਰ ਨਸ਼ੇ ਨਾਲ ਜੋੜਿਆ ਜਾ ਰਿਹਾ ਹੈ। ਇਹ ਗੁਲਾਬੀ ਗੋਲੀ ਨੌਜਵਾਨਾਂ ਦੀ ਬਹੁਤ ਜਿਆਦਾ ਘਾਤਕ ਹੈ ਨੌਜਵਾਨਾਂ ਵੱਲੋਂ ਇਸ ਗੋਲੀ ਨੂੰ ਪੀਸ ਕੇ ਪਾਣੀ ਮਿਲਾ ਟੀਕੇ ਜ਼ਰੀਏ ਸਰੀਰ ਅੰਦਰ ਪਹੁੰਚਾਇਆ ਜਾਂਦਾ ਹੈ। ਜਿਸ ਨਾਲ ਨੌਜਵਾਨਾਂ ਦੀ ਮੌਤ ਤੱਕ ਹੋ ਸਕਦੀ ਹੈ। ਸਮਾਜ ਸੇਵੀ ਵੱਲੋਂ ਹਸਪਤਾਲ ਪ੍ਰਸ਼ਾਸਨ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਅਪੀਲ ਕੀਤੀ ਗਈ ਹੈ ਕਿ ਮਾਨਤਾ ਦੇਖੀ ਜਾਵੇ ਕਿ ਹਸਪਤਾਲ ਮਾਨਤਾ ਪ੍ਰਾਪਤ ਹੈ ਕਿ ਨਹੀਂ ਅਤੇ ਇਹ ਗੋਲੀ ਵੇਚਣ ਦੇ ਅਧਿਕਾਰਾਂ ਦੀ ਵੀ ਜਾਂਚ ਕੀਤੀ ਜਾਵੇ। ਦੋਸ਼ੀ ਪਾਏ ਜਾਣ 'ਤੇ ਇਸ ਹਸਪਤਾਲ ਪ੍ਰਸ਼ਾਸਨ ਖਿਲਾਫ ਕਾਰਵਾਈ ਕੀਤੀ ਜਾਵੇ।
ਨਿੱਜੀ ਨਸ਼ਾ ਛੁਡਾਓ ਕੇਂਦਰ ਖੋਲ੍ਹਣ ਲਈ ਮਜਬੂਰ : ਫਾਊਂਡੇਸ਼ਨ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਕਿ ਪੱਟੀ ਇਲਾਕੇ ਅੰਦਰ ਪੰਜ ਸਰਕਾਰੀ ਨਸ਼ਾ ਛੁਡਾਓ ਕੇਂਦਰ ਪਹਿਲਾਂ ਤੋਂ ਕੰਮ ਕਰ ਰਹੇ ਹਨ। ਦੋ ਪ੍ਰਾਈਵੇਟ ਕੇਂਦਰ ਹੋਰ ਖੋਲ ਦਿੱਤੇ ਗਏ ਹਨ, ਉਹਨਾ ਪ੍ਰਸ਼ਾਸਨ ਤੋਂ ਵੀ ਸਵਾਲ ਕੀਤਾ ਹੈ ਕਿ ਕੀ ਪੱਟੀ ਹਲਕੇ ਅੰਦਰ ਨਸ਼ਾ ਇੰਨਾ ਜਿਆਦਾ ਵੱਧ ਗਿਆ ਕਿ ਨਿੱਜੀ ਨਸ਼ਾ ਛੁਡਾਓ ਕੇਂਦਰ ਖੋਲ੍ਹਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਸਸਤੇ ਭਾਅ ਵਿਚ ਵੇਚੀ ਜਾ ਰਹੀ ਇਹ ਗੋਲੀ: ਉਥੇ ਹੀ ਇਸ ਸਬੰਧ ਵਿਚ ਜਦ ਨਸ਼ਾ ਛੁਡਾਓ ਕੇਂਦਰ ਦੇ ਮੈਨੇਜਮੇਂਟ ਕਮੇਟੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਗੋਲੀ ਹੋਰਨਾਂ ਨਸ਼ਾ ਛੁਡਾਓ ਕੇਂਦਰਾਂ ਵਿਚ ਵੀ ਸੇਲ ਹੋ ਰਹੀ ਹੈ। ਪਰ ਉਥੇ ਮਹਿੰਗੀ ਹੈ ਅਤੇ ਸਾਡੇ ਵੱਲੋਂ ਸਸਤੇ ਭਾਅ ਵਿਚ ਇਹ ਗੋਲੀ ਵੇਚੀ ਜਾ ਰਹੀ ਹੈ। ਜਿਸਦਾ ਰਿਕਾਰਡ ਉਹਨਾਂ ਪਾਸ ਦਰਜ ਹੈ ਕਿੰਨੇ ਤੇ ਕਿਹੜੇ ਮਰੀਜ਼ਾਂ ਨੂੰ ਗੁਲਾਬੀ ਗੋਲੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਗੋਲੀ ਦੀ ਜਾਂਚ ਲਈ ਉਹ ਤਿਆਰ ਹਨ ਅਤੇ ਨਾਲ ਹੀ ਜਦ ਤਕ ਇਹ ਜਾਂਚ ਨਹੀਂ ਹੋ ਜਾਂਦੀ ਉਹ ਪ੍ਰਚਾਰ ਨਹੀਂ ਕਰਨਗੇ।