ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਸ਼ਹਿਰੀ ਖੇਤਰ ਵਿੱਚ ਮੋਹਨ ਲਾਲ ਵਾਲੀ ਗਲੀ ਵਿੱਚ ਰਹਿੰਦੇ ਨੌਜਵਾਨ ਦਿਨੇਸ਼ ਕੁਮਾਰ ਉਰਫ ਬੰਟੀ ਨਾਂਅ ਦੇ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਪਰਿਵਾਰ ਨੇ ਮ੍ਰਿਤਕ ਦੀ ਮੌਤ ਦਾ ਇਲਜ਼ਾਮ ਭਾਜਪਾ ਆਗੂ ਉੱਤੇ ਲਗਾਇਆ ਹੈ।
ਮ੍ਰਿਤਕ ਦੇ ਪਿਤਾ ਲਾਲ ਚੰਦ ਨੇ ਕਿਹਾ ਕਿ ਉਨ੍ਹਾਂ ਦਾ ਮੁੰਡਾ ਦਿਨੇਸ਼ ਕੁਮਾਰ ਨੂੰ ਇੱਕ ਭਾਜਪਾ ਆਗੂ ਧਮਕਾ ਰਿਹਾ ਸੀ। ਭਾਜਪਾ ਦੇ ਆਗੂ ਨੇ ਕੁੱਝ ਦਿਨ ਪਹਿਲਾਂ ਇੱਕ ਗਰੁੱਪ ਵਿੱਚ ਆਪਣੀ ਇੱਕ ਸਮਾਜਿਕ ਗਤੀਵਿਧੀਆਂ ਬਾਰੇ ਫੋਟੋ ਪੋਸਟ ਕੀਤੀ ਸੀ। ਜਿਸ ਨੇ ਇਤਰਾਜ਼ ਪ੍ਰਗਟਾਇਆ ਸੀ। ਇਸ ਉਪਰੰਤ ਭਾਜਪਾ ਆਗੂ ਨੇ ਦਿਨੇਸ਼ ਨੂੰ ਧਮਕੀਆਂ ਦਿੱਤੀਆਂ ਸਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਦੋਂ ਤੱਕ ਕਥਿਤ ਦੋਸ਼ੀ ਭਾਜਪਾ ਆਗੂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਭਾਜਪਾ ਮੰਡਲ ਪ੍ਰਧਾਨ ਤਰਸੇਮ ਗੋਇਲ ਨੇ ਦੱਸਿਆ ਕਿ ਦਿਨੇਸ਼ ਨਾਲ ਉਨ੍ਹਾਂ ਦੀ ਗੱਲਬਾਤ 26 ਅਕਤੂਬਰ ਨੂੰ ਹੋਈ ਸੀ। ਪਰ ਉਸ ਤੋਂ ਤਿੰਨ ਦਿਨ ਬਾਅਦ ਦਿਨੇਸ਼ ਦੀ ਅਚਾਨਕ ਹੋਈ ਮੌਤ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ ਸਗੋਂ ਉਨ੍ਹਾਂ ਨੂੰ ਬਦਨਾਮ ਕਰਨ ਵਾਸਤੇ ਫਸਾਇਆ ਜਾ ਰਿਹਾ ਹੈ।
ਐਸ.ਐਚ.ਓ ਮੋਹਨ ਲਾਲ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਪੋਸਟ ਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।