ਸ੍ਰੀ ਮੁਕਤਸਰ ਸਾਹਿਬ: ਬੀਤੇ ਦਿਨੀਂ ਮਲੋਟ ਦੇ ਪਿੰਡ ਭਲਾਈਆਣਾ ਵਿਖੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ। ਆਪ ਦੀ ਰੈਲੀ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਉਚੇਚੇ ਤੌਰ ਉੱਤੇ ਪਹੁੰਚੇ।
ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਕਾਫੀ ਸਮੇਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਜਿੱਥੇ ਉਨ੍ਹਾਂ ਨੇ ਹਰ ਵਰਗ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦਾ ਸਾਥ ਦੇਣ ਉਥੇ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਉਹ ਕਿਸਾਨਾਂ ਦੇ ਸੰਘਰਸ਼ ਵਿੱਚ ਪਾਰਟੀ ਦੇ ਕਿਸੇ ਨਿਸ਼ਾਨ, ਕਿਸੇ ਝੰਡੇ ਤੋਂ ਬਿਨਾਂ ਕਿਸਾਨ ਹੋਣ ਨਾਤੇ ਹਿੱਸਾ ਲੈਣ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਵਾਰ ਵਾਰ ਟਰੇਨ ਟ੍ਰੈਕ ਛੱਡਣ ਦੀ ਗੱਲ ਕਹਿ ਰਹੇ ਹਨ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਟਰੇਨ ਟ੍ਰੈਕ ਛੱਡਣ ਦੀ ਬਜਾਏ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਮਤਾ ਪਾਉਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਦਾ ਇਜ਼ਲਾਸ ਕਿਉਂ ਨਹੀਂ ਬੁਲਾ ਰਹੇ।
ਉਨ੍ਹਾਂ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਆਉਣ ਦਾ ਸੱਦਾ ਕਿਉਂ ਨਹੀਂ ਦੇ ਰਹੇ ਉਹ ਆਪਣੇ ਆਲੇ ਦੁਆਲੇ ਦੇ ਮੰਤਰੀਆਂ ਤੋਂ ਕਿਉਂ ਚਿੱਠੀਆਂ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕਿਸ ਮੂੰਹ ਨਾਲ ਪੰਜਾਬ 'ਚ ਆਉਣ ਦੀ ਗੱਲ ਕਰ ਰਹੀ ਹੈ।