ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੇ ਪਿੰਡ ਮਦਰਸੇ ਵਿੱਚ ਇੱਕ ਵਿਅਕਤੀ ਨੇ ਆਪਣੀ 22 ਸਾਲ ਦੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਲੜਕੀ ਦੇ ਪਿਤਾ ਨੇ ਲੜਕੀ ਦੇ ਪਤੀ ਉੱਤੇ ਕਤਲ ਦੇ ਦੋਸ਼ ਲਗਾਏ ਹਨ।
ਸੋਮਾ ਰਾਣੀ ਦਾ ਵਿਆਹ 4 ਸਾਲ ਪਹਿਲਾਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪਾਲੀਵਾਲੇ ਦੇ ਸ਼ਿੰਦਰਪਾਲ ਨਾਲ ਹੋਇਆ ਸੀ ਪਰ ਵਿਆਹ ਤੋਂ ਕੁਝ ਦੇਰ ਬਾਅਦ ਪਤੀ-ਪਤਨੀ ਵਿਚਕਾਰ ਤਕਰਾਰ ਕਾਰਨ ਸੋਮਾ ਰਾਣੀ 2 ਸਾਲ ਪਹਿਲਾਂ ਆਪਣੇ ਪੇਕੇ ਘਰ ਆ ਗਈ ਸੀ। ਬਾਅਦ 'ਚ ਪਿੰਡ ਦੀ ਪੰਚਾਇਤ ਨੇ ਮਾਮਲਾ ਸੁਲਝਾ ਕੇ ਲੜਕੀ ਨੂੰ ਸਹੁਰੇ ਭੇਜ ਦਿੱਤਾ ਸੀ।
ਲੜਕੀ ਦੇ ਪਿਤਾ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਪਤੀ-ਪਤਨੀ ਵਿਚਕਾਰ ਮੁੜ ਝਗੜਾ ਹੋ ਗਿਆ ਅਤੇ ਸੋਮਾ ਰਾਣੀ ਫਿਰ ਆਪਣੇ ਪੇਕੇ ਘਰ ਆ ਗਈ ਪਰ ਦੇਰ ਰਾਤ ਉਸ ਦੇ ਪਤੀ ਸ਼ਿੰਦਰਪਾਲ ਦਾ ਫੋਨ ਸੋਮਾ ਰਾਣੀ ਨੂੰ ਆਇਆ ਕਿ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ ਜਿਸ ਤੋਂ ਬਾਅਦ ਸ਼ਿੰਦਰਪਾਲ ਪਿੰਡ ਆ ਕੇ ਸੋਮਾ ਨੂੰ ਆਪਣੇ ਨਾਲ ਮੋਟਰਸਾਈਕਲ 'ਤੇ ਨਾਲ ਲੈ ਗਿਆ।
ਮ੍ਰਿਤਕ ਦੇ ਪਿਤਾ ਨੇ ਸ਼ਿੰਦਰਪਾਲ ਉੱਤੇ ਦੋਸ਼ ਲਾਉਂਦਿਆ ਕਿਹਾ ਕਿ ਉਸ ਨੇ ਪਿੰਡ ਤੋਂ ਥੋੜੀ ਦੂਰ ਲਿਜਾ ਕੇ ਬੇਟੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ ਖੇਤ ਵਿਚ ਸੁੱਟ ਕੇ ਆਪ ਮੌਕੇ ਤੋਂ ਫ਼ਰਾਰ ਹੋ ਗਿਆ।
ਇਸ ਸਬੰਧੀ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਪਿੰਡ ਮਦਰਸੇ ਵਿਖੇ ਪਹੁੰਚੇ ਅਤੇ ਜਾਂਚ ਸ਼ੁਰੂ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਮਲੋਟ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ। ਫ਼ਿਲਹਾਲ ਥਾਣਾ ਲਖੇ ਵਾਲੀ ਵਿੱਖੇ ਮੁਕਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ ਗਈ ਹੈ।