ਸ੍ਰੀ ਮੁਕਤਸਰ ਸਾਹਿਬ: ਸਾਬਕਾ ਵਿਧਾਇਕ ਬਲਦੇਵ ਸਿੰਘ ਬੱਲਮਗੜ੍ਹ ਦੀ ਗੱਡੀ ਅਚਾਨਕ ਅਵਾਰਾ ਪਸ਼ੂ ਨਾਲ ਟਕਰਾਅ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੌਰਾਨ ਹਾਦਸੇ ਵਾਲੀ ਥਾਂ ਖੜ੍ਹੀ ਗੱਡੀ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਕੇ ਸਮਾਨ ਚੋਰੀ ਕਰ ਲਿਆ।
ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ ਪਰ ਹਾਲੇ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਬਿਆਨ ਦਰਜ ਕਰਵਾਉਣ ਨਹੀਂ ਆਇਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਪੱਟ ਦੀ ਹੱਡੀ ਟੁੱਟ ਗਈ ਹੈ।
ਬਲਦੇਵ ਸਿੰਘ ਦੇ ਬੇਟੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਖੜ੍ਹੀ ਗੱਡੀ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਗੱਡੀ ਦੀ ਬੈਟਰੀ, ਰਿੰਮ ਅਤੇ ਟਾਇਰਾਂ ਸਮੇਤ ਹੋਰ ਵੀ ਜ਼ਰੂਰੀ ਸਮਾਨ ਚੋਰੀ ਕਰ ਲਿਆ। ਪਰਮਿੰਦਰ ਨੇ ਕਿਹਾ ਕਿ ਉਹ ਇਸ ਬਾਰੇ ਥਾਣੇ ਗਏ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਦੂਜੇ ਥਾਣੇ ਅਧੀਨ ਆਉਂਦਾ ਹੈ ਜਦੋਂ ਉੱਥੇ ਗਏ ਤਾਂ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਹ ਉਨ੍ਹਾਂ ਦੇ ਇਲਾਕੇ ਦਾ ਕੇਸ ਨਹੀਂ ਹੈ।
ਇਸ ਮੌਕੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਬਕਾ ਵਿਧਾਇਕ ਦਾ ਐਕਸੀਡੈਂਟ ਹੋਇਆ ਹੈ ਪਰ ਪੁਲਿਸ ਇੱਕ ਵਾਰ ਵੀ ਬਿਆਨ ਦਰਜ ਕਰਵਾਉਣ ਨਹੀਂ ਗਈ ਹੈ ਜੇ ਇਲਾਕੇ ਵਿੱਚ ਸਾਬਕਾ ਵਿਧਾਇਕ ਦਾ ਇਹ ਹਾਲ ਹੈ ਤਾਂ ਫਿਰ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਰੱਬ ਦੇ ਸਹਾਰੇ ਛੱਡ ਦਿੱਤਾ ਹੈ।