ਸ੍ਰੀ ਮੁਕਤਸਰ ਸਾਹਿਬ: ਕੁਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜ਼ਰ ਰੋਡ 'ਤੇ ਇੱਕ ਧਾਰਮਿਕ ਸਥਾਨ ਦੇ ਨੇੜਿਓਂ ਲਵਾਰਿਸ ਹਾਲਤ 'ਚ ਮਿਲੀ ਬਜ਼ੁਰਗ ਮਹਿਲਾ, ਜੋ ਮਹਿਜ਼ ਢਾਈ-ਢਾਈ ਫ਼ੁੱਟ ਦੀਆਂ ਦੋ ਕੱਚੀਆਂ ਕੰਧਾਂ 'ਤੇ ਰੱਖੀ ਸੀਮਿੰਟ ਦੀ ਸਲੈਬ ਅਤੇ ਗੱਤਿਆਂ ਹੇਠਾਂ, ਬਣੀਂ ਇੱਕ ਖੁੱਡੇ ਨੁਮਾਂ ਆਕ੍ਰਿਤੀ 'ਚ ਰਹਿ ਰਹੀ ਸੀ। ਉਕਤ ਮਹਿਲਾ ਦਾ ਛੋਟਾ ਪੁੱਤਰ ਐਕਸਾਈਜ਼ ਵਿਭਾਗ 'ਚ ਸਰਕਾਰੀ ਮੁਲਾਜ਼ਮ, ਛੋਟਾ ਪੁੱਤ ਰਜਿੰਦਰ ਰਾਜਾ ਜੋ ਸਿਆਸਤਦਾਨ ਅਤੇ ਲਵਾਰਿਸ ਬਜ਼ੁਰਗ ਦੀ ਇੱਕ ਪੋਤਰੀ ਐਸਡੀਐਮ ਹੈ। ਇਸ ਮਹਿਲਾ ਦੇ ਸਿਰ 'ਚ ਕੀੜੇ ਪੈਣ ਉਪਰੰਤ ਇਸ ਨੂੰ ਅਤਿਅੰਤ ਨਰਕ ਭਰੀ ਹਾਲਤ 'ਚੋਂ ਕੱਢ੍ਹ ਕੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿਸ ਤੋਂ ਅਗਲੇ ਦਿਨ ਬਜ਼ੁਰਗ ਔਰਤ ਨੇਂ ਆਪਣੇ ਛੋਟੇ ਪੁੱਤਰ ਦੇ ਘਰ 'ਚ ਦਮ ਤੋੜ ਦਿੱਤਾ।
ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਪਰਿਵਾਰ 'ਚ ਖੁੱਡੇ 'ਚ ਰੁਲਦੀ ਬਜ਼ੁਰਗ ਦੀ ਮੌਤ ਉਪਰੰਤ ਮਾਮਲਾ ਮੀਡੀਆ 'ਚ ਆਉਣ ਉਪਰੰਤ ਪਰਿਵਾਰ ਨੂੰ ਪੂਰੇ ਸੰਸਾਰ 'ਚ ਲਾਹਨਤਾਂ ਪੈ ਰਹੀਆਂ ਹਨ। ਇਸ ਦੇ ਦੌਰਾਨ ਬਜ਼ੁਰਗ ਔਰਤ ਦੇ ਸਿਆਸਤਦਾਨ ਪੁੱਤ ਨੂੰ ਉਸ ਦੀ ਸਿਆਸੀ ਪਾਰਟੀ ਨੇਂ ਕੱਢ੍ਹ ਦਿੱਤਾ। ਜਿਸ ਉਪਰੰਤ ਬੁੱਧਵਾਰ ਨੂੰ ਮ੍ਰਿਤਕ ਬਜ਼ੁਰਗ ਔਰਤ ਦਾ ਸਿਆਸਤਦਾਨ ਪੁੱਤ ਕੈਮਰੇ ਸਾਹਮਣੇਂ ਆਇਆ ਅਤੇ ਆਪਣੀਂ ਗਲਤੀ ਕਬੂਲ ਕੀਤੀ। ਸਿਆਸੀ ਪਾਰਟੀ 'ਚੋਂ ਕੱਢ੍ਹੇ ਜਾਣ ਉਪਰੰਤ ਰਜਿੰਦਰ ਰਾਜਾ ਨੇਂ ਦੱਸਿਆ ਕਿ ਇਸ ਮਾਮਲੇ ਨੂੰ ਸਿਆਸੀ ਸਾਜਿਸ਼ ਕਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਸ ਨੂੰ ਜਾਣ-ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਰਜਿੰਦਰ ਰਾਜਾ ਨੇਂ ਆਖਿਆ ਕਿ ਆਪਣੀਂ ਮਾਂ ਦੇ ਸਬੰਧ 'ਚ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਪਰ ਇਸ ਦੀ ਸਜਾ ਵਜੋਂ ਉਸ ਦੀ ਐਸਡੀਐਮ ਬੇਟੀ ਦਾ ਨਾਂਅ ਇਸ ਮਾਮਲੇ ਨਾਲ ਜੋੜਨਾ ਠੀਕ ਨਹੀਂ ਹੈ।
ਰਾਜੇ ਨੇ ਦਲੀਲ ਦਿੱਤੀ ਕਿ ਉਹ ਆਪਣੀ ਗ਼ਲਤੀ ਮੰਨਦਾ ਹੈ ਤੇ ਇਸ ਮਾਮਲੇ 'ਚ ਉਸ ਦੀ ਬੇਟੀ ਨੂੰ ਨਾ ਕੁਝ ਕਿਹਾ ਜਾਵੇ। ਰਜਿੰਦਰ ਸਿੰਘ ਰਾਜਾ ਮੁਤਾਬਿਕ ਉਨ੍ਹਾਂ ਨੇ ਆਪਣੀ ਮਾਂ ਨੂੰ ਆਪਣੇ ਭਰਾ ਕੋਲ ਛੱਡਿਆ ਸੀ ਤੇ ਉਹ ਉਨ੍ਹਾਂ ਦੇ ਭਰਾ ਦੋਸ਼ੀ ਹਨ ਹਾਲਾਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਇਨਕਾਰ ਨਹੀਂ ਕੀਤਾ।