ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਰੋਜ਼ਗਾਰ ਦੀ ਭਾਲ ਵਿੱਚ ਅਕਸਰ ਹੀ ਵਿਦੇਸ਼ਾਂ ਵਿੱਚ ਜਾਂਦੇ ਹਨ। ਪਰ ਵਿਦੇਸ਼ਾਂ ਵਿੱਚ ਕਈ ਵਾਰ ਅਜਿਹੀ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਸ ਨਾਲ ਪਰਿਵਾਰ 'ਤੇ ਦੁੱਖਾਂ ਦੇ ਪਹਾੜ ਟੁੱਟ ਜਾਂਦੇ ਹਨ। ਅਜਿਹਾ ਮਾਮਲਾ ਕੈਨੇਡਾ ਵਿੱਚ ਵਾਪਰੇ ਕਾਰ-ਰੇਲ ਹਾਦਸੇ ਵਿੱਚ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਰਾਣੀਵਾਲਾ ਦੀ 18 ਵਰ੍ਹਿਆ ਦੀ ਲੜਕੀ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ।
ਜਦੋ ਕਿ ਪਿੰਡ ਰਾਣੀਵਾਲਾ ਨਾਲ ਹੀ ਸਬੰਧਿਤ ਜਸ਼ਨਪ੍ਰੀਤ ਦੀ ਚਚੇਰੀ ਭੈਣ ਪਾਲਮਪ੍ਰੀਤ ਕੌਰ ਇਸ ਹਾਦਸੇ ਵਿੱਚ ਗੰਭੀਰ ਜਖ਼ਮੀ ਹੋ ਗਈ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਇਸ ਹਾਦਸੇ ਵਿੱਚ ਜਸ਼ਨਪ੍ਰੀਤ ਅਤੇ ਇਕ ਜਿਲ੍ਹਾ ਫਰੀਦਕੋਟ ਵਾਸੀ ਲੜਕੀ ਦੀ ਮੌਤ ਹੋ ਗਈ, ਜਦਕਿ 2 ਜਖ਼ਮੀ ਹਨ, ਕਾਰ ਦਾ ਡਰਾਈਵਰ ਜੋ ਕਿ ਪਟਿਆਲਾ ਜਿਲ੍ਹੇ ਨਾਲ ਸਬੰਧਿਤ ਹੈ, ਉਹ ਵੀ ਜਖ਼ਮੀ ਹੈ।
ਦੱਸ ਦਈਏ ਕਿ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਕਾਰ ਡਰਾਈਵਰ ਨੇ ਰੇਲਵੇ ਸਿਗਨਲ ਨਹੀਂ ਦੇਖਿਆ ਅਤੇ ਮਾਲ ਗੱਡੀ ਕਾਰ ਨਾਲ ਟਕਰਾ ਗਈ। ਜਿਸ ਨਾਲ ਮਾਲ ਗੱਡੀ ਕਾਰ ਨੂੰ ਕਰੀਬ ਇੱਕ ਕਿਲੋਮੀਟਰ ਤੱਕ ਧੂਹ ਕੇ ਲੈ ਗਈ। ਇਹ ਲੜਕੀਆਂ ਇਸ ਕਾਰ ਰਾਹੀ ਆਟੋਮੋਬਾਇਲ ਸਪੇਅਰ ਪਾਰਟਸ ਫੈਕਟਰੀ ਵਿੱਚ ਕੰਮ 'ਤੇ ਜਾ ਰਹੀਆਂ ਸਨ, ਕਿ ਇਹ ਹਾਦਸਾ ਵਾਪਰ ਗਿਆ।
ਮ੍ਰਿਤਕ ਜਸ਼ਨਪ੍ਰੀਤ ਕੌਰ ਦੇ ਪਿਤਾ ਰਾਜਵਿੰਦਰ ਸਿੰਘ ਚੰਡੀਗੜ੍ਹ ਟਰਾਂਸਪੋਰਟ ਵਿੱਚ ਡਰਾਇਵਰ ਹਨ। ਜਸ਼ਨਪ੍ਰੀਤ ਕਰੀਬ ਇੱਕ ਮਹੀਨਾ ਪਹਿਲਾ ਹੀ ਕੈਨੇਡਾ ਗਈ ਸੀ। ਜਸ਼ਨਪ੍ਰੀਤ ਦੇ ਪਿਤਾ ਅਤੇ ਦਾਦਾ ਜੀ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ, ਕਿ ਉਹ ਜਸ਼ਨਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣਾ ਚਾਹੁੰਦੇ ਹਨ, ਉਹਨਾਂ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ:- ਨਵਜੋਤ ਸਿੱਧੂ ਤੇ ਹਰੀਸ਼ ਚੌਧਰੀ ਵਿਚਕਾਰ ਮੀਟਿੰਗ ਜਾਰੀ